ਪਿਸ਼ਾਵਰ,
ਪਾਕਿਸਤਾਨ ਦੇ ਪਿਸ਼ਾਵਰ ਦੀ ਇੱਕ ਮਸਜਿਦ ’ਚ ਬੀਤੇ ਦਿਨ ਹੋਏ ਆਤਮਘਾਤੀ ਧਮਾਕੇ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਅੱਜ ਵਧ ਕੇ 100 ਹੋ ਗਈ ਹੈ। ਬਚਾਅ ਟੀਮ ਨੇ ਮਲਬੇ ਹੇਠੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਪਾਕਿਸਤਾਨ (ਟੀਟੀਪੀ) ਨੇ ਲਈ ਹੈ। ਸੰਯੁਕਤ ਰਾਸ਼ਟਰ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਇਸੇ ਦੌਰਾਨ ਬਚਾਅ ਕਰਮੀਆਂ ਨੇ ਆਤਮਘਾਤੀ ਹਮਲਾ ਕਰਨ ਵਾਲੇ ਮਸ਼ਕੂਕ ਦਾ ਸਿਰ ਮੌਕੇ ਤੋਂ ਬਰਾਮਦ ਕਰ ਲਿਆ ਹੈ।
ਸੁਰੱਖਿਆ ਅਧਿਕਾਰੀਆਂ ਅਨੁਸਾਰ ਹਮਲਾਵਰ ਦੁਪਹਿਰ ਦੀ ਨਮਾਜ਼ ਸਮੇਂ ਪਹਿਲੀ ਕਤਾਰ ਵਿੱਚ ਸੀ ਜਦੋਂ ਉਸ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਸ ਧਮਾਕੇ ’ਚ ਮਸਜਿਦ ਦੇ ਇਮਾਮ ਮੌਲਾਨਾ ਸਾਹਿਬਜ਼ਾਦਾ ਨੂਰ-ਉਲ-ਅਮੀਨ ਦੀ ਵੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 100 ਹੋ ਗਈ ਹੈ ਜਦਕਿ 221 ਵਿਅਕਤੀ ਜ਼ਖ਼ਮੀ ਹੋਏ ਹਨ। ਰੇਡੀਓ ਪਾਕਿਸਤਾਨ ਵੱਲੋਂ ਜਾਰੀ ਕੀਤੀ ਗਈ ਖ਼ਬਰ ਅਨੁਸਾਰ ਘਟਨਾ ਸਥਾਨ ’ਤੇ ਮਲਬਾ ਹਟਾਉਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਪੇਸ਼ਾਵਰ ਪੁਲੀਸ ਕੰਟਰੋਲ ਰੂਮ ਅਨੁਸਾਰ 200 ਤੋਂ ਵੱਧ ਜ਼ਖ਼ਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ’ਚੋਂ ਤਕਰੀਬਨ 100 ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਜਦਕਿ ਹੋਰਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਅਤੇ ਸੁਰੱਖਿਆ ਕੌਂਸਲ ਨੇ ਪਿਸ਼ਾਵਰ ਦੀ ਮਸਜਿਦ ’ਤੇ ਹਮਲੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਦੇਸ਼ਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਖੇਤਰ ਦੀ ਵਰਤੋਂ ਦਹਿਸ਼ਤੀ ਗਤੀਵਿਧੀਆਂ ਲਈ ਨਾ ਹੋਵੇ। ਗੁਟੇਰੇਜ਼ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਭਿਆਨਕ ਹੈ ਕਿਉਂਕਿ ਹਮਲਾ ਇੱਕ ਧਾਰਮਿਕ ਥਾਂ ’ਤੇ ਕੀਤਾ ਗਿਆ ਹੈ। ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਪਿਸ਼ਾਵਰ ਧਮਾਕੇ ਦੀ ਘਟਨਾ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ