ਚੇਨਈ, 4 ਫਰਵਰੀ

ਕੌਮੀ ਪੁਰਸਕਾਰ ਜੇਤੂ ਅਤੇ ਦੱਖਣ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅੱਜ ਸਵੇਰ ਵਾਨੀ ਆਪਣੇ ਘਰ ਮ੍ਰਿਤ ਮਿਲੀ। ਇਸ ਦੌਰਨ ਤਾਮਿਲਨਾਡੂ ਪੁਲੀਸ ਨੇ ਵਾਣੀ ਜੈਰਾਮ ਦੀ ਭੇਤਭਰੀ ਮੌਤ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਵਾਣੀ ਜੈਰਾਮ ਸਾਲ 2018 ਵਿੱਚ ਆਪਣੇ ਪਤੀ ਜੈਰਾਮ ਦੇ ਦੇਹਾਂਤ ਤੋਂ ਬਾਅਦ ਚੇੱਨਈ ਵਿੱਚ ਹੈਡੋਜ਼ ਰੋਡ ਸਥਿਤ ਆਪਣੀ ਰਿਹਾਇਸ਼ ਵਿੱਚ ਇਕੱਲੀ ਰਹਿ ਰਹੀ ਸੀ। ਨੌਕਰਾਣੀ, ਜੋ ਘਰ ਦੇ ਰੋਜ਼ਾਨਾ ਦੇ ਕੰਮ ਕਰਦੀ ਸੀ, ਸਵੇਰੇ 11 ਵਜੇ ਘਰ ਪਹੁੰਚੀ ਅਤੇ ਘੰਟੀ ਦੇ ਵਾਰ-ਵਾਰ ਵੱਜਣ ਤੋਂ ਬਾਅਦ ਵੀ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਸ ਨੇ ਤੁਰੰਤ ਵਾਣੀ ਜੈਰਾਮ ਦੀ ਭੈਣ ਉਮਾ ਨੂੰ ਸੂਚਿਤ ਕੀਤਾ ਅਤੇ ਉਹ ਦੋਵੇਂ ਡੁਪਲੀਕੇਟ ਚਾਬੀਆਂ ਨਾਲ ਘਰ ਵਿੱਚ ਦਾਖਲ ਹੋਏ ਅਤੇ ਵਾਣੀ ਨੂੰ ਆਪਣੇ ਬੈੱਡਰੂਮ ਦੇ ਫਰਸ਼ ਡਿੱਗੀ ਮ੍ਰਿਤ ਦੇਖਿਆ। ਉਸ ਦੇ ਮੱਥੇ ‘ਤੇ ਸੱਟ ਦੇ ਨਿਸ਼ਾਨ ਸਨ। ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਚੇਨਈ ਦੇ ਹਸਪਤਾਲ ਲਿਜਾਇਆ ਗਿਆ। ਤਾਮਿਲਨਾਡੂ ਪੁਲੀਸ ਦੀ ਫੋਰੈਂਸਿਕ ਟੀਮ ਵਾਣੀ ਜੈਰਾਮ ਦੇ ਘਰ ਦੀ ਜਾਂਚ ਕਰ ਰਹੀ ਹੈ। ਡੀਸੀਪੀ ਸ਼ੇਖਰ ਦੇਸ਼ਮੁੱਖ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਵੇਰਵੇ ਸਾਹਮਣੇ ਆਉਣਗੇ।

ਕੁਝ ਸਮਾਂ ਪਹਿਲਾਂ ਜਦੋਂ ਭਾਰਤ ਸਰਕਾਰ ਨੇ ਪਦਮ ਭੂਸ਼ਨ 2023 ਪੁਰਸਕਾਰ ਦਾ ਐਲਾਨ ਕੀਤਾ ਸੀ ਤਾਂ ਵਾਣੀ ਦਾ ਨਾਂ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਵੱਖ ਵੱਖ ਭਾਸ਼ਾਵਾਂ ’ਚ ਦਸ ਹਜ਼ਾਰ ਤੋ ਵੱਧ ਗੀਤ ਗਾਏ।