ਕੁਆਲਾਲੰਪੁਰ, 29 ਜੂਨ

ਭਾਰਤ ਦੀਆਂ ਦੋ ਮਹਿਲਾ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਮੁਕਾਬਲੇ ਲਈ ਅੱਜ ਕੋਰਟ ਵਿੱਚ ਉਤਰੀਆਂ। ਇਨ੍ਹਾਂ ਵਿਚੋਂ ਸਿੰਧੂ ਦੂਜੇ ਗੇੜ ’ਚ ਪਹੁੰਚ ਗਈ ਜਦਕਿ ਸਾਇਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰਨ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ ਸਿੱਧੇ ਗੇਮਾਂ ‘ਚ 21-13, 21-17 ਨਾਲ ਹਰਾਇਆ ਪਰ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੂੰ ਵਿਸ਼ਵ ਦੀ 33ਵੇਂ ਨੰਬਰ ਦੀ ਖਿਡਾਰਨ ਅਮਰੀਕਾ ਦੀ ਆਈਰਿਸ ਵੈਂਗ ਤੋਂ ਸਿੱਧੇ ਗੇਮਾਂ ‘ਚ 37 ਮਿੰਟ ‘ਚ 11-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।