ਬਠਿੰਡਾ, 20 ਸਤੰਬਰ

ਬਰਤਾਨੀਆਂ ਅਧਾਰਤ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਤਿੰਨ ਵਿਵਾਦਪੂਰਨ ਖੇਤੀ ਬਿੱਲਾਂ ਦੇ ਮੁੱਦੇ ’ਤੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ, “ਪਹਿਲਾਂ ਸਰਕਾਰ ‘ਇਕ ਰਾਸ਼ਟਰ, ਇਕ ਭਾਸ਼ਾ’ ਲਿਆਈ ਸੀ, ਜੋ ਕਿ ਬਿਲਕੁਲ ਗਲਤ ਸੀ ਅਤੇ ਹੁਣ ਸਰਕਾਰ ‘ਇਕ ਰਾਸ਼ਟਰ, ਇਕ ਮੰਡੀ’ ਲੈ ਕੇ ਆਈ ਹੈ। ਮੈਂ ਸੋਚਦਾ ਹਾਂ ਕਿ ਵੱਡੇ ਕਿਸਾਨ ਆਪਣੀ ਫਸਲ ਵੇਚਣ ਲਈ ਕਿਸੇ ਹੋਰ ਰਾਜ ਵਿੱਚ ਜਾ ਸਕਦੇ ਹਨ ਪਰ ਦਰਮਿਆਨੇ ਤੇ ਛੋਟੇ ਕਿਸਾਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਮੋਦੀ ਸਾਹਿਬ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਇਸ ਲਈ ਸਾਰਿਆਂ ਨੂੰ ਸਾਡੇ ਪੰਜਾਬ ਦੀ ਬਿਹਤਰੀ ਲਈ ਕੁਝ ਕਰਨਾ ਚਾਹੀਦਾ ਹੈ।” ਮਲਕੀਤ ਨੇ ਕਿਹਾ, “ਗਾਣਿਆਂ ਵਿੱਚ ਅਸੀਂ ਜੱਟਾਂ ਨੂੰ ਵੱਡੇ ਹੀਰੋ ਵਜੋਂ ਪੇਸ਼ ਕੀਤਾ… ਮੈਂ ਸਾਰੇ ਪਰਵਾਸੀ ਭਾਰਤੀਆਂ ਅਤੇ ਕਲਾਕਾਰਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਾਂਗਾ। ਜੇ ਮੈਂ ਭਾਰਤ ਵਿੱਚ ਹੁੰਦਾ ਤਾਂ ਮੈਂ ਉਨ੍ਹਾਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਗਿਆ ਹੁੰਦਾ ਕਿਉਂਕਿ ਮੈਂ ਵੀ ਜੱਟ ਦਾ ਪੁੱਤ ਹਾਂ।” ਮਲਕੀਤ ਸਿੰਘ ਨੇ ਸ਼ਨਿਚਰਵਾਰ ਰਾਤ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਗੱਲਬਾਤ ਦੌਰਾਨ ਇਹ ਗੱਲ ਕਹੀ। ਉਸ ਨੇ ਗੀਤ ਗਾਇਆ, “ਪੰਜਾਬ ਸਾਡਾ ਰਹੇ ਵੱਸਦਾ, ਖੇਤ ਮਜ਼ਦੂਰ ਰਹੇ ਵੱਸਦਾ” ਅਤੇ ” ਇਥੇ ਆਈਆਂ ਕਈ ਸਰਕਾਰਾਂ ਨੇ ਪਾਰ ਦੁਖ ਸੁਣਿਆ ਨਹੀਂ ਕਦੀ ਕਿਸੇ ਜੱਟ ਦਾ। ਗੁਰਦਾਸ ਮਾਨ ਵੀ ਬੀਤੀ ਰਾਤ ਕਿਸਾਨਾਂ ਦੇ ਹੱਕ ਵਿੱਚ ਨਿੱਤਰਿਆ ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ”ਕਿਸਾਨ ਹੈ ਹਿੰਦੁਸਤਾਨ ਹੈ” ਪੋਸਟ ਕੀਤਾ। ਜੈ ਕਿਸਾਨ ਜੈ ਜਵਾਨ ਸਰਬੱਤ ਦਾ ਭਲਾ ਹੋਵੀ।” ਇਕ ਹੋਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਗੀਤ ਗਾਇਆ ਹੈ, “ਕੋ ਵੀ ਸਰਕਾਰ ਹੋਵੇ, ਕੋਈ ਵੀ ਦਰਬਾਰ ਹੋਵੇ, ਕਿਸਨ ਨੂੰ ਅਪਣੇ ਹੱਕਾਂ ਲਾਈ ਲੜਨਾ ਕਿਉਂ ਪੈਂਦਾ ਹੈ, ਦੇਸ ਨੂੰ ਜ਼ਿੰਦਗੀ ਦੇ ਕੇ ਆਪ ਕਿਉਂ ਮਰਨਾ ਪੈਂਦਾ ਹੈ।ਕਿਉਂ ਕੋਈ ਸਰਕਾਰ ਅੰਨਦਾਤਾ ਦੀ ਗੱਲ ਨਹੀਂ ਸੁਣਦੀ, ਕਿਉਂ ਕੋਈ ਠੋਸ ਨੀਤੀ ਕਿਸਾਨ ਲਈ ਨਹੀਂ ਬਣਦੀ।” ਇਸ ਤੋਂ ਪਹਿਲਾਂ ਸਾਲ 2018 ਵਿੱਚ ਵੀ ਜੱਸੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ। ਗਾਇਕ ਪੰਮੀ ਬਾਈ ਅਤੇ ਹਰਜੀਤ ਹਰਮਨ ਨੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।