ਸਾਲ 2020 ਦੇ ਅਪਰੈਲ ਮਹੀਨੇ ਦੀ 20 ਤਰੀਕ ਤਕ ਲੋਕਡਾਊਨ ਹੋਏ ਨੂੰ ਮਹੀਨਾ ਹੋ ਗਿਆ ਸੀ। ਕੋਈ ਧੂੰਆਂ ਨਹੀਂ ਸੀ, ਕੋਈ ਵਾਹਨ ਨਹੀਂ ਚੱਲ ਰਿਹਾ ਸੀ, ਉਦਯੋਗਕ ਧੰਦੇ ਬੰਦ ਹੋ ਗਏ ਸਨ। ਸਾਰੇ ਪਾਸੇ ਵਾਤਾਵਰਨ ਸਾਫ਼ ਅਤੇ ਸਵੱਛ ਲੱਗਣ ਲੱਗ ਪਿਆ ਸੀ। ਹਵਾ ਵਿਚ ਇਕ ਨਵੀਂ ਤਾਜ਼ਗੀ ਮਹਿਸੂਸ ਹੋਣ ਲੱਗੀ ਸੀ। ਸਾਰੇ ਨਦੀਆਂ ਨਾਲੇ ਪਾਰਦਰਸ਼ੀ ਪਾਣੀ ਨਾਲ ਕਲ ਕਲ ਕਰਦੇ ਵਹਿਣ ਲੱਗ ਪਏ ਸਨ। ਇੱਥੋਂ ਤਕ ਕਿ ਲੁਧਿਆਣਾ ਵਹਿੰਦਾ ਬੁੱਢਾ ਦਰਿਆ ਜਿਸ ਨੂੰ ਉਦਯੋਗਿਕ ਕੂੜਾ ਸੁੱਟਣ ਕਰਕੇ ਗੰਦੇ ਨਾਲੇ ਦਾ ਨਾਮ ਪਾ ਦਿੱਤਾ ਗਿਆ ਸੀ ਅਤੇ ਜਿਸ ਵਿਚੋਂ ਮੁਸ਼ਕ ਆਉਂਦਾ ਸੀ, ਬਿਲਕੁਲ ਸਾਫ਼ ਹੋ ਗਿਆ ਸੀ।
ਨਵੀਆਂ ਨਵੀਆਂ ਛੋਟੀਆਂ ਛੋਟੀਆਂ ਚਿੜੀਆਂ ਉਡਾਰੀਆਂ ਮਾਰਨ ਲੱਗ ਪਈਆਂ ਸਨ। ਕੁਝ ਦੇ ਰੰਗ ਤਾਂ ਬਹੁਤ ਹੀ ਵਿਲੱਖਣ ਸਨ। ਸਵੇਰੇ ਸਵੇਰੇ ਸੈਰ ਕਰਦੇ ਹੋਏ ਇੰਨੇ ਪੰਛੀਆਂ ਦਾ ਚਹਿਚਹਾਉਣਾ ਸੁਣਦਾ ਸੀ ਜੋ ਕਦੇ ਸੁਣਿਆ ਹੀ ਨਹੀਂ ਸੀ। ਮੇਰੇ ਘਰ ਦੇ ਵਿਹੜੇ ਵਿਚ ਸਟੈਂਡ ਉੱਤੇ ਕੁਝ ਗਮਲੇ ਪਏ ਹੋਏ ਹਨ। ਉਨ੍ਹਾਂ ਵਿਚ ਇਕ ਵਿਚ ਗੁਲਮੋਹਰ ਦਾ ਮੈਂ ਬੋਨਸਾਈ ਬਣਾਇਆ ਹੋਇਆ ਸੀ ਜੋ ਤਕਰੀਬਨ 30 ਸਾਲ ਪੁਰਾਣਾ ਹੋ ਚੁੱਕਾ ਹੈ। ਇਕ ਦਿਨ ਮੈਂ ਉੱਥੋਂ ਇਕ ਨੰਨ੍ਹੀ ਜਿਹੀ ਚਿੜੀ ਨੂੰ ਉੱਡਦੇ ਦੇਖਿਆ। ਫਿਰ ਕੁਝ ਦਿਨਾਂ ਬਾਅਦ ਉਸ ਵਿਚ ਇਕ ਛੋਟਾ ਜਿਹਾ ਆਲ੍ਹਣਾ ਉਸ ਨੇ ਬਣਾ ਲਿਆ ਸੀ, ਜੋ ਬਾਹਰ ਤੋਂ ਸਾਫ਼ ਦਿਖਾਈ ਨਹੀਂ ਦਿੰਦਾ ਸੀ।
ਮੈਂ ਪਾਣੀ ਪਾਉਣ ਵੇਲੇ ਉਸ ਨੂੰ ਦੇਖਦਾ ਰਹਿੰਦਾ। ਇਕ ਦਿਨ ਮੈਂ ਧਿਆਨ ਮਾਰਿਆ ਤਾਂ ਉਸ ਵਿਚ ਤਿੰਨ ਨਿੱਕੇ ਨਿੱਕੇ ਆਂਡੇ ਪਏ ਸਨ। ਮੈਂ ਆਪਣੀ ਬੇਟੀ ਨੂੰ ਬੁਲਾਇਆ ਅਤੇ ਉਸ ਨੇ ਵੀ ਇਹ ਦੇਖ ਕੇ ਉਨ੍ਹਾਂ ਦੀ ਫੋਟੋ ਖਿੱਚ ਲਈ। ਉਹ ਬਹੁਤ ਖੁਸ਼ ਹੋਈ, ਉਸ ਨੇ ਜ਼ਿੰਦਗੀ ’ਚ ਪਹਿਲੀ ਵਾਰੀ ਆਲ੍ਹਣਾ ਇਸ ਤਰ੍ਹਾਂ ਬਣਦਾ ਅਤੇ ਆਂਡੇ ਦਿੱਤੇ ਦੇਖੇ ਸਨ। ਉਸ ਲਈ ਇਹ ਬਹੁਤ ਹੀ ਸੁਖਦ ਅਹਿਸਾਸ ਸੀ।
ਇਸ ਤਰ੍ਹਾਂ ਬਹੁਤ ਦਿਨ ਨਿਕਲ ਗਏ। ਫਿਰ ਇਕ ਦਿਨ 24 ਜੂਨ ਨੂੰ ਮੈਂ ਜਦੋਂ ਪਾਣੀ ਪਾਣ ਗਿਆ ਤਾਂ ਉਸੇ ਵੇਲੇ ਮਾਂ ਚਿੜੀ ਨਿਕਲ ਕੇ ਉੱਡ ਗਈ। ਮੈਂ ਦੇਖਿਆ ਕਿ ਉਨ੍ਹਾਂ ਆਂਡਿਆਂ ਵਿਚੋਂ ਬੜੇ ਪਿਆਰੇ ਬੱਚੇ ਨਿਕਲੇ ਹੋਏ ਸਨ, ਉਨ੍ਹਾਂ ਦੀਆਂ ਅੱਖਾਂ ਬੰਦ ਸਨ ਅਤੇ ਉਹ ਇਕ ਦੂਜੇ ਨਾਲ ਚਿੰਬੜੇ ਹੋਏ ਸਨ। ਮੈਂ ਕੁਝ ਦੇਰ ਬਾਅਦ ਜਦੋਂ ਮੇਰੀ ਬੇਟੀ ਆਈ ਤਾਂ ਉਸ ਨੂੰ ਦੱਸਿਆ ਕਿ ਆਂਡਿਆਂ ਵਿਚੋਂ ਬੱਚੇ ਨਿਕਲ ਆਏ ਹਨ।
ਮੇਰੀ ਬੇਟੀ ਬਹੁਤ ਖ਼ੁਸ਼ ਹੋਈ, ਉਹ ਉਸੇ ਵਕਤ ਗਮਲੇ ਕੋਲ ਗਈ ਅਤੇ ਆਲ੍ਹਣੇ ਵਿਚ ਝਾਕਿਆ ਤਾਂ ਉੱਥੇ ਕੋਈ ਬੱਚਾ ਨਹੀਂ ਸੀ। ਮੈਂ ਵੀ ਜਾ ਕੇ ਦੇਖਿਆ ਕਿ ਕਿਤੇ ਬੱਚੇ ਡਿੱਗ ਤਾਂ ਨਹੀਂ ਪਏ ? ਪਰ ਕਿਤੇ ਕੋਈ ਨਾਮ ਨਿਸ਼ਾਨ ਨਹੀਂ ਸੀ ਅਤੇ ਆਲ੍ਹਣਾ ਸੁੰਨ ਪਿਆ ਸੀ। ਮਾਂ ਚਿੜੀ ਆਪਣੇ ਪਿਆਰੇ ਨੰਨ੍ਹੇ ਬੋਟਾਂ ਨੂੰ ਕਿਤੇ ਸੁਰੱਖਿਅਤ ਸਥਾਨ ’ਤੇ ਲੈ ਕੇ ਜਾ ਚੁੱਕੀ ਸੀ। ਉਸ ਨੂੰ ਸ਼ਾਇਦ ਮੇਰੇ ਕੋਲੋਂ ਆਪਣੇ ਬੱਚਿਆਂ ਲਈ ਖ਼ਤਰਾ ਮਹਿਸੂਸ ਹੋਇਆ ਸੀ। ਇਕ ਮਾਂ ਆਪਣੇ ਬੱਚਿਆਂ ਲਈ ਕਿੰਨੀ ਫ਼ਿਕਰਮੰਦ ਹੁੰਦੀ ਹੈ, ਇਸ ਦਾ ਅਹਿਸਾਸ ਮੈਨੂੰ ਇਕ ਛੋਟੇ ਜਿਹੇ ਪੰਛੀ ਨੇ ਪ੍ਰਤੱਖ ਦਿਖਾ ਦਿੱਤਾ ਸੀ। ਮੇਰੇ ਮਨ ਵਿਚ ਇਕ ਅਪਰਾਧਬੋਧ ਜਨਮ ਲੈ ਚੁੱਕਾ ਸੀ ਕਿ ਮੈਂ ਉਨ੍ਹਾਂ ਅਬੋਧ ਬੱਚਿਆਂ ਨੂੰ ਘਰੋਂ ਬੇਘਰ ਕਰ ਦਿੱਤਾ। ਮੈਂ ਇਕ ਮਾਂ ਦੀ ਮਮਤਾ ਨਹੀਂ ਸਮਝੀ। ਮੈਨੂੰ ਪਛਤਾਵਾ ਹੋ ਰਿਹਾ ਸੀ ਕਿ ਜੇਕਰ ਮੇਰਾ 30 ਸਾਲ ਤੋਂ ਪਾਲਿਆ ਪੌਦਾ ਸੁੱਕ ਵੀ ਜਾਂਦਾ ਤਾਂ ਸ਼ਾਇਦ ਇੰਨਾ ਦੁੱਖ ਨਾ ਹੁੰਦਾ।
– ਹਰਮੇਸ਼ ਕੁਮਾਰ