ਕੂਚ ਬੇਹਾਰ, 26 ਜੂਨ

ਪਟਨਾ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਦੇ ਕੁਝ ਦਿਨਾਂ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਂਗਰਸ ਤੇ ਸੀਪੀਆਈ (ਐਮ) ਦੀ ਭੂਮਿਕਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਤਾਂ ਕੇਂਦਰ ਵਿਚਲੀ ਭਾਜਪਾ ਖ਼ਿਲਾਫ਼ ਵੱਡਾ ਵਿਰੋਧੀ ਗੱਠਜੋੜ ਕਰਨ ਲਈ ਯਤਨ ਰਹੇ ਹਨ ਹਨ ਪਰ ਇਹ ਪਾਰਟੀਆਂ ਪੱਛਮੀ ਬੰਗਾਲ ਵਿੱਚ ਭਾਜਪਾ ਨਾਲ ਮਿਲ ਕੇ ਕੰਮ ਕਰ ਕੇ ਇਸ ਵਿੱਚ ਅੜਿੱਕਾ ਪਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ 15 ਵਿਰੋਧੀ ਧਿਰਾਂ ਨੇ ਸ਼ੁੱਕਰਵਾਰ ਨੂੰ ਪਟਨਾ ਵਿੱਚ ਮੀਟਿੰਗ ਕਰ ਕੇ ਕੇਂਦਰ ਵਿਚਲੀ ਭਾਜਪਾ ਨੂੰ ਮਾਤ ਦੇਣ ਲਈ 2024 ਦੀਆਂ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਦਾ ਅਹਿਦ ਲਿਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਮੁੜ ਦੁਹਰਾਇਆ ਸੀ ਕਿ ਦਿੱਲੀ ਨਾਲ ਸਬੰਧਿਤ ਕੇਂਦਰ ਦੇ ਆਰਡੀਨੈਂਸ ’ਤੇ ਕਾਂਗਰਸ ਵੱਲੋਂ ਆਪਣਾ ਰੁਖ਼ ਸਪੱਸ਼ਟ ਕਰਨ ਤਕ ਉਹ ਉਸ ਦੀ ਮੌਜੂਦਗੀ ਵਾਲੀ ਕਿਸੇ ਵੀ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ।
ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਬੈਨਰਜੀ ਨੇ ਅੱਜ ਇੱਥੇ ਪੰਚਾਇਤ ਚੋਣ ਸਬੰਧੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘ਅਸੀਂ ਕੇਂਦਰ ’ਚ ਭਾਜਪਾ ਖ਼ਿਲਾਫ਼ ਮਹਾਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸੀਪੀਆਈ (ਐਮ) ਤੇ ਕਾਂਗਰਸ ਬੰਗਾਲ ਵਿੱਚ ਭਾਜਪਾ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਬੰਗਾਲ ਵਿੱਚ ਇਸ ਨਾਪਾਕ ਗੱਠਜੋੜ ਨੂੰ ਤੋੜ ਦੇਵਾਂਗੀ।’ ਗੌਰਤਲਬ ਹੈ ਕਿ ਦਸ ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਬੈਨਰਜੀ ਨੇ ਭਾਜਪਾ ਨਾਲ ਮੌਨ ਸਮਝੌਤਾ ਕਰਨ ਲਈ ਕਾਂਗਰਸ ਤੇ ਸੀਪੀਆਈ (ਐਮ) ਦੀ ਆਲੋਚਨਾ ਕੀਤੀ ਹੈ।

ਬੈਨਰਜੀ ਦੇ ਦਾਅਵੇ ’ਤੇ ਪ੍ਰਤੀਕ੍ਰਿਆ ਦਿੰਦਿਆਂ ਪੱਛਮੀ ਬੰਗਾਲ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਖ਼ਿਲਾਫ਼ ਲੜਾਈ ਵਿੱਚ ਟੀਐਮਸੀ ਦੀ ਭਰੋਸੇਯੋਗਤਾ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਇਸ ਨੇ ਭਾਜਪਾ ਖ਼ਿਲਾਫ਼ ਲੜਾਈ ਵਿੱਚ ਕੀ ਭੂਮਿਕਾ ਨਿਭਾਈ ਹੈ। ਇੰਜ ਹੀ ਸੀਪੀਆਈ ਐਮ ਨੇ ਕਿਹਾ ਕਿ ਬੈਨਰਜੀ ਨੂੰ ਭਾਜਪਾ ਖ਼ਿਲਾਫ਼ ਲੜਨ ਦੇ ਤਰੀਕਿਆਂ ’ਤੇ ਕਮਿਊਨਿਸਟਾਂ ਤੇ ਕਾਂਗਰਸ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ।

ਇਸੇ ਦੌਰਾਨ ਭਾਜਪਾ ਨੇ ਸੂਬੇ ਵਿੱਚ ਸੀਪੀਆਈ ਐਮ ਤੇ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ।