ਭੋਪਾਲ, 25 ਦਸੰਬਰ
ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਮਨੂ ਭਾਕਰ ਅਤੇ ਅਨੀਸ਼ ਭਾਨਵਾਲਾ ਨੇ ਅੱਜ ਇੱਥੇ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਹੂੰਝਾ ਫੇਰਦਿਆਂ ਕ੍ਰਮਵਾਰ ਮਹਿਲਾ ਦਸ ਮੀਟਰ ਏਅਰ ਪਿਸਟਲ ਅਤੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਸੋਨ ਤਗ਼ਮੇ ਜਿੱਤੇ। ਹਰਿਆਣਾ ਦੀ ਨੁਮਾਇੰਦਗੀ ਕਰ ਰਹੀ 17 ਸਾਲ ਦੀ ਮੁਟਿਆਰ ਖਿਡਾਰਨ ਮਨੂ ਅੱਜ ਚਾਰ ਸੋਨ ਤਗ਼ਮੇ (ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ’ਚ) ਜਿੱਤੇ। ਉਹ ਟੂਰਨਾਮੈਂਟ ਵਿੱਚ ਪਹਿਲਾਂ ਹੀ ਦੋ ਸੋਨ ਤਗ਼ਮੇ ਜਿੱਤ ਚੁੱਕੀ ਸੀ।
ਉਸ ਨੇ ਖ਼ਿਤਾਬੀ ਜਿੱਤ ਦੌਰਾਨ ਕੌਮੀ ਕੁਆਲੀਫਿਕੇਸ਼ਨ ਰਿਕਾਰਡ ਦੀ ਬਰਾਬਰੀ ਵੀ ਕੀਤੀ। ਮਨੂ ਦੇ ਸੂਬੇ ਦੇ ਸਾਥੀ ਨਿਸ਼ਾਨੇਬਾਜ਼ 17 ਸਾਲ ਦੇ ਅਨੀਸ਼ ਨੇ ਵੀ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤ ਕੇ ਦਬਦਬਾ ਬਣਾਇਆ। ਭਾਰਤ ਲਈ ਟੋਕੀਓ ਓਲੰਪਿਕ ਦੇ 15 ਕੋਟੇ ਵਿੱਚੋਂ ਇੱਕ ਹਾਸਲ ਕਰਨ ਵਾਲੀ ਮਨੂ ਨੇ ਕੁਆਲੀਫਿਕੇਸ਼ਨ ਵਿੱਚ 588 ਅੰਕ ਨਾਲ ਦੱਖਣੀ ਏਸ਼ਿਆਈ ਖੇਡਾਂ ਵਿੱਚ ਅਨੂ ਰਾਜ ਸਿੰਘ ਦੇ ਕੌਮੀ ਰਿਕਾਰਡ ਦੀ ਬਰਾਬਰੀ ਕਰ ਲਈ। ਉਸ ਨੇ ਇਸ ਮਗਰੋਂ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 243 ਅੰਕ ਨਾਲ ਖ਼ਿਤਾਬ ਜਿੱਤਿਆ। ਦੇਵਾਂਸ਼ੀ ਧਾਮਾ ਨੇ 237.8 ਅੰਕ ਨਾਲ ਚਾਂਦੀ, ਜਦਕਿ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੀ ਯਸ਼ਸਵਿਨੀ ਸਿੰਘ ਦੇਸਵਾਲ ਨੇ 217.7 ਅੰਕ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅਨੀਸ਼ ਨੇ 28 ਅੰਕ ਨਾਲ ਰੈਪਿਡ ਫਾਈਰ ਫਾਈਨਲ ਵਿੱਚ ਰਾਜਸਥਾਨ ਦੇ ਭਾਵੇਸ਼ ਸ਼ੇਖਾਵਤ ਨੂੰ ਪਛਾੜ ਕੇ ਖ਼ਿਤਾਬ ਜਿੱਤਿਆ। ਭਾਵੇਸ਼ ਨੇ 26, ਜਦਕਿ ਚੰਡੀਗੜ੍ਹ ਦੇ ਵਿਜੈਵੀਰ ਸਿੱਧੂ ਨੇ 22 ਅੰਕ ਲਏ। ਅਨੀਸ਼ ਕੁਆਲੀਫਿਕੇਸ਼ਨ ਵਿੱਚ ਵੀ 582 ਅੰਕਾਂ ਨਾਲ ਚੋਟੀ ’ਤੇ ਰਿਹਾ।