ਇੰਫਾਲ, 16 ਜੂਨ

ਖਾਮੇਨਲੋਕ ਇਲਾਕੇ ’ਚ ਹਿੰਸਾ ਦੇ ਇਕ ਦਿਨ ਮਗਰੋਂ ਅੱਜ ਭੀੜ ਨੇ ਇਕ ਖਾਸ ਫਿਰਕੇ ਨਾਲ ਸਬੰਧਤ ਦੋ ਘਰਾਂ ਨੂੰ ਅੱਗ ਹਵਾਲੇ ਕਰ ਦਿੱਤਾ। ਇੰਫਾਲ ਦੇ ਨਿਊ ਚੈਕੋਨ ’ਚ ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਇਸ ਦੌਰਾਨ ਮਨੀਪੁਰ ਸਰਕਾਰ ਨੇ ਇੰਟਰਨੈੱਟ ਸੇਵਾਵਾਂ 9ਵੀਂ ਵਾਰ 20 ਜੂਨ ਤੱਕ ਲਈ ਮੁਅੱਤਲ ਕਰ ਦਿੱਤੀਆਂ ਹਨ ਤਾਂ ਜੋ ਅਫ਼ਵਾਹਾਂ ਫੈਲਣ ਕਾਰਨ ਹਾਲਾਤ ਹੋਰ ਨਾ ਵਿਗੜਨ। ਮਨੀਪੁਰ ’ਚ ਹਿੰਸਾ ਦੀਆਂ ਘਟਨਾਵਾਂ ਵਧਣ ਮਗਰੋਂ ਫ਼ੌਜ ਅਤੇ ਅਸਾਮ ਰਾਈਫਲਜ਼ ਨੇ ਆਪਣੀ ਤਾਇਨਾਤੀ ਵਾਲੇ ਇਲਾਕਿਆਂ ’ਚ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੁਰੱਖਿਆ ਬਲਾਂ ਵੱਲੋਂ ਸੰਵੇਦਨਸ਼ੀਲ ਇਲਾਕਿਆਂ ’ਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਅਤੇ ਜਿਥੇ ਕਿਤੇ ਅੜਿੱਕੇ ਖੜ੍ਹੇ ਕੀਤੇ ਗਏ ਹਨ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਇੰਫਾਲ ਪੂਰਬੀ ਅਤੇ ਕਾਂਗਪੋਕੀ ਜ਼ਿਲ੍ਹਿਆਂ ਦੀ ਸਰਹੱਦ ਨਾਲ ਲਗਦੇ ਖਾਮੇਨਲੋਕ ਇਲਾਕੇ ’ਚ ਬੁੱਧਵਾਰ ਨੂੰ ਕੁਕੀ ਵਸੋਂ ਵਾਲੇ ਪਿੰਡ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲੇ ’ਚ 9 ਵਿਅਕਤੀ ਹਲਾਕ ਜਦਕਿ 10 ਹੋਰ ਜਣੇ ਗੋਲੀਬਾਰੀ ’ਚ ਜ਼ਖ਼ਮੀ ਹੋ ਗਏ ਸਨ। ਬਾਅਦ ’ਚ ਦੇਰ ਸ਼ਾਮ ਹੋਰ ਸ਼ਰਾਰਤੀ ਅਨਸਰਾਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਮਫੇਲ ਇਲਾਕੇ ’ਚ ਮਹਿਲਾ ਮੰਤਰੀ ਨੇਮਚਾ ਕਿਪਜੇਨ ਦੀ ਸਰਕਾਰੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਸੀ। ਅੱਗ ਬੁਝਾਊ ਦਸਤਿਆਂ ਨੇ ਅੱਗ ਹੋਰ ਘਰਾਂ ਤੱਕ ਫੈਲਣ ਤੋਂ ਪਹਿਲਾਂ ਹੀ ਉਸ ਨੂੰ ਬੁਝਾ ਦਿੱਤਾ ਸੀ।

ਸਰਕਾਰ ਨੇ ਅਫ਼ਵਾਹਾਂ, ਵੀਡੀਓਜ਼, ਫੋਟੋਜ਼ ਅਤੇ ਸੁਨੇਹੇ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਤਾਂ ਜੋ ਅਮਨ ਅਮਾਨ ਦੀ ਹਾਲਤ ਹੋਰ ਨਾ ਵਿਗੜੇ। ਮਨੀਪੁਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਪਿਛਲੇ ਹਫ਼ਤੇ ਸੂਬਾ ਸਰਕਾਰ ਨੂੰ ਕਿਹਾ ਸੀ ਕਿ ਉਹ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਬਾਰੇ ਵਿਚਾਰ ਕਰੇ ਜੋ 3 ਮਈ ਨੂੰ ਫਿਰਕੂ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਬੰਦ ਹਨ। ਕਾਂਗਰਸ ਸਮੇਤ ਹੋਰ ਜਥੇਬੰਦੀਆਂ ਮਨੀਪੁਰ ’ਚ ਇੰਟਰਨੈੱਟ ਸੇਵਾ ਤੁਰੰਤ ਬਹਾਲ ਕਰਨ ਦੀ ਮੰਗ ਕਰ ਰਹੀਆਂ ਹਨ। ਇਕ ਵਕੀਲ ਚੋਂਗਥਾਮ ਵਿਕਟਰ ਸਿੰਘ ਨੇ ਸੂਬੇ ’ਚ ਵਾਰ ਵਾਰ ਇੰਟਰਨੈੱਟ ਬੰਦ ਕਰਨ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ ਹੈ। ਲੋਕਾਂ ਨੂੰ ਈਂਧਣ, ਕੁਕਿੰਗ ਗੈਸ ਅਤੇ ਦਵਾਈਆਂ ਦੀ ਕਿੱਲਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇੰਟਰਨੈੱਟ ਠੱਪ ਰਹਿਣ ਕਰਕੇ ਬੈਂਕਿੰਗ ਅਤੇ ਆਨਲਾਈਨ ਸਹੂਲਤਾਂ ਨੇ ਆਮ ਜਨ-ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ।