ਇੰਫਾਲ, 29 ਜੁਲਾਈ
ਮਨੀਪੁਰ ਪੁਲੀਸ ਨੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣੀਆਂ ਦੋ ਆਦਿਵਾਸੀ ਔਰਤਾਂ ਦੇ ਬਿਆਨ ਦਰਜ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ 4 ਮਈ ਤੋਂ ਸ਼ੁਰੂ ਹੋਈ ਹਿੰਸਾ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਕੇਸ ਦੀ ਜਾਂਚ ਲਈ ਮਹਿਲਾ ਪੁਲੀਸ ਅਧਿਕਾਰੀਆਂ ਦੀ ਇਕ ਟੀਮ ਬਣਾਈ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਟੀਮ ਨੇ ਦੋਵੇਂ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਬਿਆਨ ਕਲਮਬੰਦ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਪ੍ਰਤੱਖਦਰਸ਼ੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦਾ ਅਮਲ ਵੀ ਸ਼ੁਰੂ ਹੋ ਚੁੱਕਾ ਹੈ। ਉਧਰ ਕੇਂਦਰ ਸਰਕਾਰ ਨੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸਾਂ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ। ਵਾਇਰਲ ਹੋਏ ਵੀਡੀਓ ਦੇ ਮਾਮਲੇ ’ਚ ਲੋਕਾਂ ਦੀ ਗ੍ਰਿਫ਼ਤਾਰੀ ’ਤੇ ਪ੍ਰਤੀਕਰਮ ਦਿੰਦਿਆਂ ਇਨਡਿਜਨਸ ਟਰਾਈਬਲ ਲੀਡਰਜ਼ ਫੋਰਮ ਦੇ ਤਰਜਮਾਨ ਗਿੰਜ਼ਾ ਵੁਆਲਜ਼ੋਂਗ ਨੇ ਇਸ ਨੂੰ ਬਹੁਤ ਦੇਰੀ ਨਾਲ ਚੁੱਕਿਆ ਗਿਆ ਮਾਮੂਲੀ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ,‘‘ਮੈਂ ਕਾਰਵਾਈ ਦੀ ਤਾਂ ਸ਼ਲਾਘਾ ਕਰਦਾ ਜੇਕਰ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੁੰਦਾ। ਇਸ ਮਾਮਲੇ ਦੀ ਐੱਫਆਈਆਰ 18 ਮਈ ਨੂੰ ਦਰਜ ਕੀਤੀ ਗਈ ਸੀ। ਅਜਿਹੇ ਹੋਰ ਕਈ ਕੇਸ ਹਨ। ਮੈਂ ਇਕ ਹੋਰ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਹੀ ਸੂਬੇ ਦੇ ਵੱਡੇ ਮਸਲੇ ਹੱਲ ਹੋਣ ਵਾਲੇ ਨਹੀਂ ਹਨ। ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਉਹ ਮਨੀਪੁਰ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਅਤੇ ਹਿੰਸਾ ਖ਼ਤਮ ਕਰਨ ਲਈ ਕਦਮ ਚੁੱਕੇ ਤੇ ਸਮੱਸਿਆ ਦਾ ਕੋਈ ਹੱਲ ਕੱਢੇ।’’ ਆਦਿਵਾਸੀ ਦੋ ਔਰਤਾਂ ਨਾਲ ਬਦਸਲੂਕੀ ਦੇ ਮਾਮਲੇ ’ਚ ਇਕ ਨਾਬਾਲਗ ਸਮੇਤ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕੁਝ ਵਿਅਕਤੀਆਂ ਵੱਲੋਂ ਦੋ ਔਰਤਾਂ ਨੂੰ ਨਗਨ ਘੁਮਾਉਣ ਦਾ ਪਿਛਲੇ ਹਫ਼ਤੇ ਵੀਡੀਓ ਸਾਹਮਣੇ ਆਉਣ ਮਗਰੋਂ ਮਨੀਪੁਰ ’ਚ ਤਣਾਅ ਦਾ ਮਾਹੌਲ ਬਣ ਗਿਆ ਸੀ। ਪੁਲੀਸ ਨੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਥੋਊਬਲ ਜ਼ਿਲ੍ਹੇ ਦੇ ਨੋਂਗਪੋਕ ਸੇਕਮਾਈ ਪੁਲੀਸ ਸਟੇਸ਼ਨ ’ਚ ਅਗਵਾ, ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਦੇ ਕੇਸ ਦਰਜ ਕੀਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਇਸ ਘਟਨਾ ਨੂੰ ਸ਼ਰਮਨਾਕ ਅਤੇ ਨਾਪ੍ਰਵਾਨਯੋਗ ਕਰਾਰ ਦਿੱਤਾ ਸੀ। ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਿਹਾ ਸੀ ਕਿ ਉਹ ਸਾਰੇ ਸਾਜ਼ਿਸ਼ਘਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣਗੇ ਅਤੇ ਫਾਂਸੀ ਦੀ ਸਜ਼ਾ ਦਿਵਾਉਣ ਬਾਰੇ ਵੀ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜ ’ਚ ਅਜਿਹੀਆਂ ਘਿਣਾਉਣੀਆਂ ਕਰਤੂਤਾਂ ਲਈ ਕੋਈ ਥਾਂ ਨਹੀਂ ਹੈ।