ਨਵੀਂ ਦਿੱਲੀ, 29 ਜੁਲਾਈ
ਮਨੀਪੁਰ ਹਿੰਸਾ ਦੇ ਮੁੱਦੇ ’ਤੇ ਸੰਸਦ ਦੇ ਦੋਵਾਂ ਸਦਨਾਂ- ਲੋਕ ਸਭਾ ਤੇ ਰਾਜ ਸਭਾ ਵਿੱਚ ਵੀ ਅੱਜ ਵੀ ਹੰਗਾਮਾ ਜਾਰੀ ਰਿਹਾ। ਰੌਲੇ ਰੱਪੇ ਦਰਮਿਆਨ ਹੀ ਲੋਕ ਸਭਾ ਵਿੱਚ ਤਿੰਨ ਬਿੱਲ- ਮਾਈਨਜ਼ ਤੇ ਮਿਨਰਲ ਸੋਧ ਬਿੱਲ, ਨੈਸ਼ਨਲ ਨਰਸਿੰਗ ਤੇ ਮਿਡਵਾਈਫਰੀ ਕਮਿਸ਼ਨ ਬਿੱਲ ਅਤੇ ਕੌਮੀ ਡੈਂਟਲ ਕਮਿਸ਼ਨ ਬਿੱਲ ਪਾਸ ਕਰ ਦਿੱਤੇ ਗਏ। ਮੈਂਬਰਾਂ ਨੇ ਕਾਂਗਰਸ ਵੱਲੋਂ ਮੋਦੀ ਸਰਕਾਰ ਖਿਲਾਫ਼ ਰੱਖੇ ਬੇਭਰੋਸਗੀ ਮਤੇ ’ਤੇ ਫੌਰੀ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ। ਉਧਰ ਰਾਜ ਸਭਾ ਵਿੱਚ ਨੇਮ 267 ਤਹਿਤ ਮਨੀਪੁਰ ਦੇ ਹਾਲਾਤ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਚੇਅਰਮੈਨ ਜਗਦੀਪ ਧਨਖੜ ਤੇ ਟੀਐੱਮਸੀ ਮੈਂਬਰ ਡੈਰੇਕ ਓ’ਬ੍ਰਾਇਨ ਵਿਚਾਲੇ ਤਿੱਖੀ ਬਹਿਸ ਹੋਈ। ਧਨਖੜ ਨੇ ਓ’ਬ੍ਰਾਇਨ ਦੇ ਰਵੱਈਏ ਨੂੰ ‘ਨਾਟਕੀ’ ਕਰਾਰ ਦਿੱਤਾ। ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਅੜਿੱਕਾ ਪਿਆ ਤੇ ਇਨ੍ਹਾਂ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਲੋਕ ਸਭਾ ਜੁੜੀ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਰਕਾਰ ਖਿਲਾਫ਼ ਲਿਆਂਦੇ ਬੇਭਰੋੋਸਗੀ ਮਤੇ ’ਤੇ ਫੌਰੀ ਚਰਚਾ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸੰਸਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਕਿਹਾ। ਉਨ੍ਹਾਂ ਕਿਹਾ, ‘‘ਕੀ ਤੁਸੀਂ ਚਾਹੁੰਦੇ ਹੋ ਕਿ ਸਦਨ ਦੀ ਕਾਰਵਾਈ ਚੱਲੇ? ਪ੍ਰਸ਼ਨ ਕਾਲ, ਜਿੱਥੇ ਸਰਕਾਰ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ, ਬਹੁਤ ਅਹਿਮ ਹੈ।’’ ਸਦਨ ਵਿਚ ਕਾਂਗਰਸ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ 10 ਮਈ 1978 ਨੂੰ ਸਦਨ ਵਿੱਚ ਬੇਭਰੋਸਗੀ ਮਤਾ ਰੱਖੇ ਜਾਣ ਤੋਂ ਫੌਰੀ ਮਗਰੋਂ ਇਸ ’ਤੇ ਬਹਿਸ ਸ਼ੁਰੂ ਹੋ ਗਈ ਸੀ। ਇਸ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਵਿੱਚ ਸਭ ਕੁਝ ਨੇਮਾਂ ਮੁਤਾਬਕ ਹੋ ਰਿਹੈ ਤੇ ਬੇਭਰੋਸਗੀ ਮਤੇ ’ਤੇ ਬਹਿਸ ਦਸ ਦਿਨਾਂ ਵਿੱਚ ਸ਼ੁਰੂ ਹੋ ਸਕਦੀ ਹੈ। ਜੋਸ਼ੀ ਨੇ ਕਿਹਾ, ‘‘ਸਾਡੇ ਕੋਲ ਲੋੜੀਂਦੇ ਅੰਕੜੇ ਹਨ। ਜੇਕਰ ਤੁਹਾਡੇ ਕੋਲ ਹਨ ਤਾਂ ਸਾਡੇ ਬਿਲਾਂ ਨੂੰ ਪਾਸ ਹੋਣ ਤੋਂ ਰੋਕ ਲਵੋ।’’ ਰੌਲਾ-ਰੱਪਾ ਜਾਰੀ ਰਿਹਾ ਤਾਂ ਸਪੀਕਰ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਸਰਕਾਰ ਨੇ ਮਾਈਨਜ਼ ਤੇ ਮਿਨਰਲ ਸੋਧ ਬਿੱਲ, ਨੈਸ਼ਨਲ ਨਰਸਿੰਗ ਤੇ ਮਿਡਵਾਈਫਰੀ ਕਮਿਸ਼ਨ ਬਿੱਲ ਅਤੇ ਕੌਮੀ ਡੈਂਟਲ ਕਮਿਸ਼ਨ ਬਿੱਲ ਪੇਸ਼ ਕੀਤੇ, ਜਿਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਰੌਲੇ ਦਰਮਿਆਨ ਹੀ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਰਾਜੇਂਦਰ ਅਗਰਵਾਲ ਨੇ ਸਦਨ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ। ਉਧਰ ਰਾਜ ਸਭਾ ਵਿੱਚ ਚੇਅਰਮੈਨ ਜਗਦੀਪ ਧਨਖੜ ਤੇ ਟੀਐੱਸਮੀ ਮੈਂਬਰ ਡੈਰੇਕ ਓ’ਬ੍ਰਾਇਨ ਵਿਚਾਲੇ ਹੋਈ ਬਹਿਸ ਕਰਕੇ ਸਦਨ ਦੀ ਕਾਰਵਾਈ ਮਹਿਜ਼ 27 ਮਿੰਟ ਚੱਲਣ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ ਜਿਉਂ ਹੀ ਉਪਰਲਾ ਸਦਨ ਜੁੜਿਆ ਤਾਂ ਚੇਅਰਮੈਨ ਧਨਖੜ ਨੇ ਸਦਨ ਨੂੰ ਦੱਸਿਆ ਕਿ ਮਨੀਪੁਰ ਦੇ ਹਾਲਾਤ ’ਤੇ ਨੇਮ 267 ਤਹਿਤ ਚਰਚਾ ਲਈ ਕਾਂਗਰਸ, ਖੱਬੀਆਂ ਪਾਰਟੀਆਂ, ਟੀਐੱਮਸੀ, ਸਪਾ, ਆਪ, ਐੱਨਸੀਪੀ ਤੇ ਡੀਐੱਮਕੇ ਸਣੇ 47 ਪਾਰਟੀਆਂ ਵੱਲੋਂ ਨੋਟਿਸ ਮਿਲੇ ਹਨ। ਉਨ੍ਹਾਂ ਸਦਨ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕਰਨ ਦੀ ਅਪੀਲ ਕੀਤੀ ਕਿਉਂਕਿ ਰੋਜ਼ਾਨਾ ਹੰਗਾਮੇ ਨਾਲ ਗਲਤ ਸੰਦੇਸ਼ ਜਾ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਭਾਵੇਂ ਇਹ ਮੌਜੂਦਾ ਸੈਸ਼ਨ ਹੋਵੇ ਜਾਂ ਇਸ ਤੋਂ ਪਹਿਲਾਂ ਦਾ ਸੈਸ਼ਨ, ਨੇਮ 267 ਤਹਿਤ ਹਰ ਰੋਜ਼ ਕਈ ਨੋਟਿਸ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ, “ਜੇ ਮੈਂ ਰਵਾਇਤ ਵੇਖਾਂ, ਤਾਂ ਸਦਨ ਨੂੰ ਪਤਾ ਹੈ ਕਿ ਪਿਛਲੇ 23 ਸਾਲਾਂ ਵਿੱਚ ਅਜਿਹੇ ਕਿੰਨੇ ਨੋਟਿਸ ਸਵੀਕਾਰ ਕੀਤੇ ਗਏ ਹਨ। ਨਤੀਜਿਆਂ ਬਾਰੇ ਸੋਚੋ, ਪੂਰਾ ਦੇਸ਼ ਪ੍ਰਸ਼ਨ ਕਾਲ ਦੀ ਉਡੀਕ ਕਰ ਰਿਹਾ ਹੈ। ਪ੍ਰਸ਼ਨ ਕਾਲ ਸੰਸਦੀ ਕੰਮਕਾਜ ਦਾ ਦਿਲ ਹੁੰਦਾ ਹੈ।” ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ ਨੇ ਟੋਕਦਿਆਂ ਕਿਹਾ, “ਸਰ, ਅਸੀਂ ਸਾਰੇ ਇਸ ਬਾਰੇ ਜਾਣਦੇ ਹਾਂ।” ਧਨਖੜ ਨੇ ਕਿਹਾ, “ਤੁਸੀਂ ਜਾਣਦੇ ਹੋ ਪਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਧਿਆਨ ਨਾਲ ਸੁਣੋ। ਜੇ ਤੁਸੀਂ ਧਿਆਨ ਨਾਲ ਸੁਣੋਗੇ, ਤਾਂ ਤੁਸੀਂ ਸਮਝ ਜਾਓਗੇ।” ਜਦੋਂ ਡੈਰੇਕ ਨੇ ਮੁੜ ਗੱਲ ਕੀਤੀ ਤਾਂ ਧਨਖੜ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ, “ਮਿਸਟਰ ਡੈਰੇਕ, ਡਰਾਮਾ ਕਰਨਾ ਤੁਹਾਡੀ ਆਦਤ ਬਣ ਗਈ ਹੈ। ਹਰ ਵਾਰੀ ਜਦੋਂ ਤੁਸੀਂ ਖੜ੍ਹੇ ਹੁੰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡਾ ਵਿਸ਼ੇਸ਼ ਅਧਿਕਾਰ ਹੈ। ਤੁਸੀਂ ਘੱਟੋ ਘੱਟ ਇਹ ਤਾਂ ਕਰ ਸਕਦੇ ਹੋ ਕੇ ਚੇਅਰ ਪ੍ਰਤੀ ਸਤਿਕਾਰ ਦਿਖਾਓ। ਜੇ ਮੈਂ ਕੁਝ ਕਹਿੰਦਾ ਹਾਂ ਤਾਂ ਤੁਸੀਂ ਖੜ੍ਹੇ ਹੁੰਦੇ ਹੋ ਤੇ ਡਰਾਮਾ ਕਰਨ ਲੱਗਦੇ ਹੋ।’’ ਟੀਐੱਮਸੀ ਆਗੂ ਨੇ ਇਸ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਤਾਂ ਸਿਰਫ਼ ਨੇਮ ਤਹਿਤ ਚਰਚਾ ਕਰਵਾਏ ਜਾਣ ਦੀ ਮੰਗ ਕਰ ਰਿਹਾ ਹੈ। ਓ’ਬ੍ਰਾਇਨ ਨੇ ਮੇਜ਼ ’ਤੇ ਹੱਥ ਮਾਰਦਿਆਂ ਕਿਹਾ ਕਿ ‘ਮੈਂ ਨੇਮਾਂ ਮੁਤਾਬਕ ਗੱਲ ਕਰ ਰਿਹਾਂ।’ ਚੇਅਰਮੈਨ ਨੇ ਕਿਹਾ, ‘‘ਮੇਜ਼ ’ਤੇ ਹੱਥ ਨਾ ਮਾਰੋ। ਇਹ ਕੋਈ ਨਾਟਕ ਨਹੀਂ ਹੈ।’’ ਧਨਖੜ ਨੇ ਕਿਹਾ ਕਿ ਉਹ ਸਿਆਸੀ ਪਾਰਟੀਆਂ ਦੇ ਆਗੂਆਂ ਸੱਦ ਨੂੰ ਕੇ ਗੱਲ ਕਰਨਗੇ। ਇਸ ਮਗਰੋਂ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਸੰਸਦ ਹੁਣ 31 ਜੁਲਾਈ ਨੂੰ ਜੁੜੇਗੀ।