ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਭੀੜ ਵਿਚਾਲੇ ਹੋਈ ਝੜਪ ’ਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਪੁਲਿਸ ਨੇ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਰ ਪੁਲਿਸ ਨੇ ਇਹ ਨਹੀਂ ਦਸਿਆ ਕਿ ਗੋਲੀਆਂ ਕਿਸ ਨੇ ਚਲਾਈਆਂ ਹਾਲਾਂਕਿ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਇਹ ਸੁਰੱਖਿਆ ਬਲਾਂ ਵਲੋਂ ਚਲਾਈ ਗਈ ਸੀ। ਇਹ ਘਟਨਾ ਐਤਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਪ੍ਰਦਰਸ਼ਨਕਾਰੀ ਅਤਿਵਾਦੀਆਂ ਵਲੋਂ ਅਗਵਾ ਕੀਤੀਆਂ ਗਈਆਂ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਦੇ ਵਿਰੋਧ ’ਚ ਜਿਰੀਬਾਮ ਥਾਣਾ ਖੇਤਰ ਦੇ ਬਾਬੂਪਾੜਾ ’ਚ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਸਨ।

ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕੇ ਅਥੌਬਾ (20) ਵਜੋਂ ਹੋਈ ਹੈ। ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫਤਰਾਂ ਅਤੇ ਜਿਰੀਬਾਮ ਦੇ ਆਜ਼ਾਦ ਵਿਧਾਇਕ ਦੇ ਘਰ ’ਚ ਭੰਨਤੋੜ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੇ ਇਮਾਰਤਾਂ ਵਿਚੋਂ ਸਮੱਗਰੀ, ਕਾਗਜ਼ ਆਦਿ ਬਾਹਰ ਕੱਢੇ ਅਤੇ ਉਨ੍ਹਾਂ ਨੂੰ ਸਾਹਮਣੇ ਅੱਗ ਲਗਾ ਦਿਤੀ ।

ਦੂਜੇ ਪਾਸੇ ਮਨੀਪੁਰ ਇੰਟੀਗ੍ਰਿਟੀ ’ਤੇ ਤਾਲਮੇਲ ਕਮੇਟੀ (ਕੋਕੋਮੀ) ਦੇ ਮੈਂਬਰਾਂ ਦੀ ਅਗਵਾਈ ’ਚ ਲੋਕਾਂ ਦੇ ਇਕ ਸਮੂਹ ਨੇ ਸੋਮਵਾਰ ਨੂੰ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇੰਫਾਲ ਪਛਮੀ ਜ਼ਿਲ੍ਹੇ ’ਚ ਕਈ ਸਰਕਾਰੀ ਦਫਤਰਾਂ ਦੇ ਗੇਟ ਬੰਦ ਕਰ ਦਿਤੇ। ਉਹ ਹਾਲ ਹੀ ’ਚ ਜਿਰੀਬਾਮ ’ਚ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀ ਹੱਤਿਆ ਦਾ ਵਿਰੋਧ ਕਰ ਰਹੇ ਸਨ। ਕੋਕੋਮੀ ਇੰਫਾਲ ਘਾਟੀ ਖੇਤਰ ਦੇ ਬਹੁਗਿਣਤੀ ਨਸਲੀ ਸਮੂਹ ਮੈਤੇਈ ਦਾ ਪ੍ਰਭਾਵਸ਼ਾਲੀ ਸੰਗਠਨ ਹੈ। ਇੰਫਾਲ ਵਾਦੀ ਖੇਤਰ ਇੰਫਾਲ ਪਛਮੀ ਸਮੇਤ ਪੰਜ ਜ਼ਿਲ੍ਹਿਆਂ ’ਚ ਫੈਲਿਆ ਹੋਇਆ ਹੈ।

ਅਧਿਕਾਰੀਆਂ ਨੇ ਦਸਿਆ ਕਿ ਜਿਰੀਬਾਮ ਜ਼ਿਲ੍ਹੇ ’ਚ ਸ਼ੱਕੀ ਅਤਿਵਾਦੀਆਂ ਵਲੋਂ ਮਾਰੇ ਗਏ ਲੋਕਾਂ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਲੰਪਲਪਤ ’ਚ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਕੰਪਲੈਕਸ ’ਚ ਦਾਖਲ ਹੋਏ ਅਤੇ ਦਫ਼ਤਰ ਦੇ ਮੁੱਖ ਪ੍ਰਵੇਸ਼ ਦੁਆਰ ਨੂੰ ਤਾਲਾ ਲਗਾ ਦਿਤਾ। ਪ੍ਰਦਰਸ਼ਨਕਾਰੀਆਂ ਨੇ ਡਾਇਰੈਕਟੋਰੇਟ ਆਫ ਇਕਨਾਮਿਕਸ ਐਂਡ ਸਟੈਟਿਸਟਿਕਸ ਅਤੇ ਇੰਸਟੀਚਿਊਟ ਫਾਰ ਬਾਇਓਰਿਸੋਰਸ ਐਂਡ ਸਸਟੇਨੇਬਲ ਡਿਵੈਲਪਮੈਂਟ (ਆਈ.ਬੀ.ਐੱਸ.ਡੀ.) ਦੇ ਮੁੱਖ ਦਫਤਰ ਦੇ ਗੇਟ ਵੀ ਬੰਦ ਕਰ ਦਿਤੇ।

ਇਸ ਦੌਰਾਨ ਇੰਫਾਲ ਦੇ ਖਵਾਇਰਾਮਬੰਦ ਬਾਜ਼ਾਰ ’ਚ ਕੋਕੋਮੀ ਦਾ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ ਅਤੇ ਸੂਬੇ ’ਚ ‘ਕੁਕੀ ਜੋ ਹਮਾਰ’ ਅਤਿਵਾਦੀਆਂ ਵਿਰੁਧ ਫੌਜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਦਾ ਹਿੱਸਾ ਰਹੇ ਫਿਲਮ ਕਲਾਕਾਰ ਲਿਮਯੂਮ ਸੁਰਜਾਕਾਂਤਾ ਨੇ ਕਿਹਾ, ‘‘ਅਸੀਂ ਜਿਰੀਬਾਮ ’ਚ ਕੁਕੀ ਹਮਾਰ ਅਤਿਵਾਦੀਆਂ ਵਲੋਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕੇਂਦਰ ਨੂੰ ਕਾਰਵਾਈ ਕਰਨ ਦੀ ਲੋੜ ਹੈ। ਬੇਕਸੂਰ ਔਰਤਾਂ ਅਤੇ ਬੱਚਿਆਂ ਨੂੰ ਮਾਰਨ ਵਾਲਿਆਂ ਨੂੰ ਤੁਰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।’’ ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਹੋਰ ਵਿਅਕਤੀ ਦੀ ਲਾਸ਼ ਜਿਰੀਬਾਮ ਕਸਬੇ ਨੇੜੇ ਮਿਲੀ ਸੀ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਵਿਚ ਰੱਖਿਆ ਗਿਆ ਹੈ।

ਪ੍ਰਦਰਸ਼ਨਕਾਰੀਆਂ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਅੱਗਜ਼ਨੀ ਕੀਤੀ, ਜਿਸ ਤੋਂ ਬਾਅਦ ਇੰਫਾਲ ਘਾਟੀ ਵਿਚ ਕਰਫਿਊ ਲਗਾ ਦਿਤਾ ਗਿਆ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿਤੀਆਂ ਗਈਆਂ ਹਨ। ਸੋਮਵਾਰ ਨੂੰ ਵਿਸਥਾਪਿਤ ਲੋਕਾਂ ਲਈ ਬਣਾਏ ਗਏ ਕੈਂਪ ਤੋਂ ਛੇ ਲੋਕਾਂ ਦੇ ਲਾਪਤਾ ਹੋਣ ਅਤੇ ਲਾਸ਼ਾਂ ਮਿਲਣ ਮਗਰੋਂ ਜਿਰੀਬਾਮ ’ਚ ਵਿਰੋਧ ਪ੍ਰਦਰਸ਼ਨਾਂ ਦੀ ਇਕ ਨਵੀਂ ਲਹਿਰ ਵੇਖੀ ਗਈ ਹੈ। ਇਸ ਤੋਂ ਬਾਅਦ ਹਥਿਆਰਬੰਦ ਵਿਅਕਤੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ ਜਿਸ ਵਿਚ 10 ਕੁਕੀ ਨੌਜੁਆਨ ਮਾਰੇ ਗਏ। ਅਸਾਮ ਦੇ ਕਚਰ ਜ਼ਿਲ੍ਹੇ ’ਚ ਬਰਾਕ ਨਦੀ ’ਚ ਐਤਵਾਰ ਨੂੰ ਦੋ ਵਿਅਕਤੀਆਂ ਦੀਆਂ ਲਾਸ਼ਾਂ ਤੈਰਦੀਆਂ ਮਿਲੀਆਂ। ਮੰਨਿਆ ਜਾਂਦਾ ਹੈ ਕਿ ਲਾਸ਼ਾਂ ਜਿਰੀਬਾਮ ਦੇ ਛੇ ਲਾਪਤਾ ਵਿਅਕਤੀਆਂ ’ਚੋਂ ਦੋ ਦੀਆਂ ਹਨ।

ਦੋ ਦਿਨ ਪਹਿਲਾਂ ਜਿਰੀਬਾਮ ’ਚ ਜੀਰੀ ਨਦੀ ’ਚ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਤੈਰਦੀਆਂ ਮਿਲੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਤਿੰਨ ਲਾਸ਼ਾਂ ਲਾਪਤਾ ਛੇ ਲੋਕਾਂ ਵਿਚੋਂ ਸਿਰਫ ਤਿੰਨ ਦੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਇੰਫਾਲ ਘਾਟੀ ’ਚ ਭਾਜਪਾ ਵਿਧਾਇਕ ਦੇ ਜੱਦੀ ਘਰ ਅਤੇ ਜਿਰੀਬਾਮ ਦੇ ਆਜ਼ਾਦ ਵਿਧਾਇਕ ਅਸ਼ਬ ਉਦੀਨ ਦੀ ਇਮਾਰਤ ’ਚ ਐਤਵਾਰ ਨੂੰ ਭੰਨਤੋੜ ਕੀਤੀ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਕਾਰਨ ਇੰਫਾਲ ਘਾਟੀ ਦੇ ਇੰਫਾਲ ਪੂਰਬੀ, ਇੰਫਾਲ ਪਛਮੀ , ਬਿਸ਼ਨੂਪੁਰ, ਥੌਬਲ ਅਤੇ ਕਾਕਚਿੰਗ ਜ਼ਿਲ੍ਹਿਆਂ ’ਚ 16 ਨਵੰਬਰ ਨੂੰ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿਤਾ ਗਿਆ ਹੈ।