ਨਵੀਂ ਦਿੱਲੀ, 22 ਜੁਲਾਈ
ਵਿਦਿਆਰਥੀ ਸੰਗਠਨਾਂ ਵੱਲੋਂ ਅੱਜ ਜੰਤਰ-ਮੰਤਰ ’ਤੇ ਮਨੀਪੁਰ ਵਿੱਚ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਘਟਨਾ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਮਨੀਪੁਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀਆਂ ਭਿਆਨਕ ਝੜਪਾਂ ਦੇ ਵਿਚਕਾਰ ਇਹ ਘਟਨਾ ਇੱਕ ਵਾਰ ਫਿਰ ਇਹ ਦਰਸਾਉਂਦੀ ਹੈ ਕਿ ਕਿਵੇਂ ਔਰਤਾਂ ਨੂੰ ਕਿਸੇ ਵੀ ਸੰਘਰਸ਼ ਵਿੱਚ ਸ਼ਿਕਾਰ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਕਮਜ਼ੋਰ ਸਮਝਦਿਆਂ ਬਦਲਾ ਲੈਣ ਲਈ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ। ਵਿਦਿਆਰਥੀ ਜਥੇਬੰਦੀ ‘ਆਇਸਾ’ ਦੀ ਦਿੱਲੀ ਸੂਬਾ ਸਕੱਤਰ ਨੇਹਾ ਨੇ ਕਿਹਾ ਕਿ ਇਹ ਘਟਨਾ 4 ਮਈ ਨੂੰ ਮਨੀਪੁਰ ਵਿੱਚ ਵਾਪਰੀ ਸੀ ਅਤੇ ਹਾਲ ਹੀ ਵਿੱਚ ਇੰਟਰਨੈੱਟ ਉੱਤੇ ਸਾਹਮਣੇ ਆਈ ਹੈ। ਆਗੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਫ਼ਿਰਕੂ ਮਾਹੌਲ ਵੱਲ ਧੱਕਿਆ ਜਾ ਰਿਹਾ ਹੈ। ਇਸ ਘਿਨਾਉਣੀ ਘਟਨਾ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਬੀਰੇਨ ਸਿੰਘ ਜ਼ਿੰਮੇਵਾਰ ਹਨ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਮਨੀਪੁਰ ਵਿੱਚ ਸ਼ਾਂਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਨੀਪੁਰ ਵਾਸੀ ਸ਼ਾਂਤੀ ਚਾਹੁੰਦੇ ਹਨ‌ ਕਿਉਂਕਿ ਹਿੰਸਾ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਸੀਪੀਆਈਐੱਮ ਐੱਲ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ ਫ਼ਿਰਕੂ ਤਾਕਤਾਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਸੰਘਰਸ਼ ਕਰਨ ਲਈ ਪ੍ਰੇਰਿਆ।