ਚੰਡੀਗੜ੍ਹ, 28 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ’ਤੇ ਤਨਜ਼ ਕੱਸਦਿਆ ਕਿਹਾ, ਮਨਪ੍ਰੀਤ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ। ਮੈਨੂੰ ਤੁਹਾਡੇ ਬਾਗਾਂ ਦੇ ’ਕੱਲੇ-’ਕੱਲੇ ਕਿੰਨੂ ਦਾ ਪਤੈ। ਆਪਣੀ ਗੱਡੀ ਆਪ ਚਲਾਉਣਾ, ਟੌਲ ਟੈਕਸ ਦੇਣਾ, ਇਹ ਸਭ ਡਰਾਮੇ ਨੇ, ਤੁਹਾਡੀ ਭਾਸ਼ਾ ’ਚ ਸ਼ੇਅਰ ਹਾਜ਼ਰ ਹੈ। ਜਵਾਬ ਦੀ ਉਡੀਕ ਰਹੇਗੀ।’’ ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਸਾਬਕਾ ਵਿੱਤ ਮੰਤਰੀ ਨੂੰ ਵਿਜੀਲੈਂਸ ਨੇ ਪਲਾਟ ਅਲਾਟਮੈਂਟ ਮਾਮਲੇ ’ਚ ਤਲਬ ਕੀਤਾ ਸੀ। ਮਨਪ੍ਰੀਤ ਬਾਦਲ ਨੇ ਵਿਜੀਲੈਂਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਸੀ। ਮੁੱਖ ਮੰਤਰੀ ਨੇ ਸਾਬਕਾ ਵਿੱਤ ਮੰਤਰੀ ਵੱਲੋਂ ਸਰਕਾਰ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਟਵੀਟ ਰਾਹੀਂ ਜਵਾਬ ਦਿੱਤਾ ਹੈ। ਵਿਜੀਲੈਂਸ ਨੇ ਬਠਿੰਡਾ ਸ਼ਹਿਰ ਵਿੱਚ ਪੁੱਡਾ ਦੇ ਪਲਾਟ ਕੌਡੀਆਂ ਦੇ ਭਾਅ ਹਥਿਆਉਣ ਦੇ ਦੋਸ਼ਾਂ ਦੀ ਚੱਲ ਰਹੀ ਜਾਂਚ ’ਚ ਸ਼ਾਮਲ ਹੋਣ ਲਈ ਸਾਬਕਾ ਵਿੱਤ ਮੰਤਰੀ ਨੂੰ ਸੱਦਿਆ ਗਿਆ ਸੀ। ਸਾਬਕਾ ਵਿੱਤ ਮੰਤਰੀ ਦੇ ਖ਼ਿਲਾਫ਼ ਬਠਿੰਡਾ ਦੇ ਹੀ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਵੱਲੋਂ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ 27 ਨਵੰਬਰ 2021 ਨੂੰ ਕਾਂਗਰਸ ਸਰਕਾਰ ਵੇਲੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ’ਚ ਮਾਨਸਾ ਰੋਡ ਸਥਿਤ ਮਾਡਲ ਟਾਊਨ ਫੇਜ਼ ਇੱਕ ਦੇ ਪਲਾਟ ਨੰਬਰ 725 ਅਤੇ 726 ਨੂੰ 25,371 ਰੁਪਏ ਪ੍ਰਤੀ ਵਰਗ ਗਜ਼ ਖਰੀਦਿਆ ਸੀ, ਜਦਕਿ ਉਸ ਵੇਲੇ ਬਾਜ਼ਾਰ ਵਿੱਚ ਇਨ੍ਹਾਂ ਪਲਾਟਾਂ ਦੀ ਕੀਮਤ 90 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਕਰੀਬ ਸੀ।
ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਪਲਾਟ ਸਰਕਾਰ ਤੋਂ ਖਰੀਦੇ ਗਏ ਤੇ ਬੋਲੀ ਬਹੁਤੀ ਉੱਚੀ ਨਾ ਜਾਵੇ ਇਸ ਲਈ ਫਰਜ਼ੀ ਖਰੀਦਦਾਰ ਵੀ ਖੜ੍ਹੇ ਕੀਤੇ ਗਏ। ਸਰੂਪ ਚੰਦ ਸਿੰਗਲਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਮਨਪ੍ਰੀਤ ਬਾਦਲ ਨੇ ਨਿਯਮਾਂ ਦੀ ਉਲੰਘਣਾ ਕਰਕੇ ਸਿਰਫ਼ ਦੋ ਹਫ਼ਤਿਆਂ ਵਿੱਚ ਨਕਸ਼ੇ ਤਿਆਰ ਕੀਤੇ ਤੇ ਮਨਜ਼ਰੂੀਆਂ ਲੈ ਲਈਆਂ ਸਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਢਲੇ ਤੌਰ ’ਤੇ ਤਤਕਾਲੀ ਵਿੱਤ ਮੰਤਰੀ ਵੱਲੋਂ ਤਾਕਤ ਦੀ ਵਰਤੋਂ ਕੀਤੀ ਗਈ ਸਾਹਮਣੇ ਆਉਂਦੀ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਰਾਜ ਵਿੱਚ ਸਾਲ 2017 ਤੋਂ 2022 ਤੱਕ ਪੰਜ ਸਾਲ ਵਿੱਤ ਮੰਤਰੀ ਰਹੇ ਤੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਵਿਧਾਇਕ ਜਿੱਤੇ ਸਨ। ਇਸੇ ਤਰ੍ਹਾਂ ਸਾਲ 2007 ਵਿੱਚ ਅਕਾਲੀ-ਭਾਜਪਾ ਸਰਕਾਰ ਵਿੱਚ ਵੀ ਵਿੱਤ ਮੰਤਰੀ ਰਹੇ ਸਨ।