ਮਾਂਟੇਰੀਅਲ— ਮਈ ਦਿਵਸ ਦੇ ਪ੍ਰਦਰਸ਼ਨਾਂ ਦੌਰਾਨ ਲਹਿਰਾਏ ਜਾ ਰਹੇ ਇਕ ਨਾਜ਼ੀ ਝੰਡੇ ਦੀ ਤਸਵੀਰ ਨੂੰ ਇਕ ਆਨਲਾਈਨ ਪੋਸਟ ‘ਤੇ ਦੇਖ ਕੇ ਕੈਨੇਡਾ ਦੇ ਕਈ ਲੋਕ ਹੈਰਾਨ ਰਹਿ ਗਏ, ਜਿਨ੍ਹਾਂ ‘ਚ ਮਾਂਟੇਰੀਅਲ ਦੀ ਮੇਅਰ ਵੀ ਸ਼ਾਮਲ ਹੈ। ਪਾਰਕ-ਐਕਸ ਸਕੁਆਡ ਨਾਂ ਦੇ ਇਕ ਫੇਸਬੁੱਕ ਪੇਜ ‘ਤੇ ਇਹ ਤਸਵੀਰ ਸ਼ੇਅਰ ਕੀਤੀ ਗਈ ਸੀ, ਜਿਸ ‘ਚ ਇਕ ਵਿਅਕਤੀ ਕੋਂਡੋ ਬਿਲਡਿੰਗ ਦੀ ਛੱਤ ‘ਤੇ ਨਾਜ਼ੀ ਝੰਡਾ ਲਹਿਰਾਉਂਦਾ ਦਿਖਾਇਆ ਗਿਆ ਸੀ।
ਇਸ ਤੋਂ ਬਾਅਦ ਪੁਲਸ ਤੁਰੰਤ ਹਰਕਤ ‘ਚ ਆ ਗਈ। ਬਿਲਡਿੰਗ ਨੂੰ ਜਲਦੀ ਪਛਾਣ ਲਿਆ ਗਿਆ ਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਬਿਲਡਿੰਗ ਦੀ ਛੱਤ ਤੱਕ ਇਕ ਚਾਬੀ ਰਾਹੀਂ ਪਹੁੰਚਿਆ ਜਾ ਸਕਦਾ ਸੀ। ਮਾਂਟੇਰੀਅਲ ਦੀ ਮੇਅਰ ਵੈਲਰੀ ਪਲੈਂਟੇ ਨੇ ਟਵਿਟਰ ‘ਤੇ ਲਿਖਿਆ ਕਿ ਮੈਂ ਇਕ ਨਫਰਤ ਭਰੇ ਮਾਹੌਲ ਤੋਂ ਬਹੁਤ ਹੈਰਾਨ ਹਾਂ, ਜਿਸ ਨੂੰ ਕਿਸੇ ਵੀ ਤਰ੍ਹਾਂ ਨਾਲ ਸਵਿਕਾਰ ਨਹੀਂ ਕੀਤਾ ਜਾ ਸਕਦਾ। ਮਾਂਟੇਰੀਅਲ ਇਕ ਖੁੱਲ੍ਹਾ ਤੇ ਸਵਾਗਤਯੋਗ ਸ਼ਹਿਰ ਹੈ। ਇਸ ‘ਚ ਅਸਹਿਣਸ਼ੀਲਤਾ ਤੇ ਨਸਲਵਾਦ ਲਈ ਕੋਈ ਥਾਂ ਨਹੀਂ ਹੈ।
ਕੈਨੇਡਾ ਕੋਲ ਨਾਜ਼ੀਆਂ ਦੀ ਕਿਤਾਬਾਂ ਜਾਂ ਝੰਡੇ ਰੱਖਣ ਸਬੰਧੀ ਕੋਈ ਕਾਨੂੰਨ ਨਹੀਂ ਹੈ ਪਰ ਜੇਕਰ ਇਹ ਚੀਜ਼ਾਂ ਨਫਰਤ ਦੇ ਸੰਚਾਰ ‘ਚ ਵਰਤੀਆਂ ਜਾਂਦੀਆਂ ਹਨ ਤਾਂ ਪੁਲਸ ਨੂੰ ਇਸ ਸਬੰਧੀ ਦਖਲ ਦੇਣ ਦਾ ਅਧਿਕਾਰੀ ਹੈ।