ਇਸਲਾਮਾਬਾਦ, 6 ਜੂਨ
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੈਬਨਿਟ ਵਿਚ ਸ਼ਾਮਲ ਰਹੇ 22 ਮੈਂਬਰਾਂ ਵੱਲੋਂ ਖਰੀਦੇ ਅਤੇ ਵੇਚੇ ਗਏ ਵਾਹਨਾਂ ਬਾਰੇ ਜਾਣਕਾਰੀ ਮੰਗੀ ਹੈ। ਇਸ ਤਰ੍ਹਾਂ ਏਜੰਸੀ ਨੇ ਅਲ-ਕਾਦਿਰ ਟਰੱਸਟ ਕੇਸ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ।

ਜਾਂਚ ਏਜੰਸੀ ਨੇ ਪੰਜਾਬ ਸੂਬੇ ਦੇ ਐਕਸਾਈਜ਼ ਤੇ ਟੈਕਸ ਵਿਭਾਗ ਨੂੰ ਸਾਬਕਾ ਕੈਬਨਿਟ ਮੰਤਰੀਆਂ ਦੇ ਨਾਂ ਉਤੇ ਰਜਿਸਟਰ ਹੋਏ ਵਾਹਨਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨਾਲ ਸਬੰਧਤ ਸਾਬਕਾ ਕੈਬਨਿਟ ਦੇ ਕੁਝ ਮੈਂਬਰਾਂ ਨੇ 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਅਸਤੀਫ਼ਾ ਵੀ ਦੇ ਦਿੱਤਾ ਸੀ। ਸਾਬਕਾ 22 ਕੈਬਨਿਟ ਮੰਤਰੀਆਂ ਖ਼ਿਲਾਫ਼ ਜਾਂਚ ਬਾਰੇ ‘ਐੱਨਏਬੀ’ ਨੇ ਐਕਸਾਈਜ਼ ਵਿਭਾਗ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਜਨਵਰੀ 2018 ਤੋਂ ਲੈ ਕੇ ਹੁਣ ਤੱਕ ਰਜਿਸਟਰ ਹੋਏ ਵਾਹਨਾਂ ਦੀ ਜਾਣਕਾਰੀ 20 ਜੂਨ ਤੱਕ ਮੰਗੀ ਹੈ।