ਚੰਡੀਗੜ੍ਹ: ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗਜ਼ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਵੱਲੋਂ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਐੱਸਆਈਟੀ ਮੁਖੀ, ਡੀਆਈਜੀ ਰੇਂਜ ਰੂਪਨਗਰ, ਨੇ ਮਜੀਠੀਆ ਨੂੰ 17 ਮਾਰਚ ਸਵੇਰੇ 11 ਵਜੇ ਪਟਿਆਲਾ ਡੀਆਈਜੀ ਦਫ਼ਤਰ ‘ਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।

ਮੋਹਾਲੀ ਦੇ ਪੰਜਾਬ ਸਟੇਟ ਕਰਾਈਮ ਥਾਣੇ ‘ਚ ਦਸੰਬਰ 2021 ਦੌਰਾਨ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਮਜੀਠੀਆ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ, ਪਰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ‘ਤੇ ਉਨ੍ਹਾਂ ਦੀ ਰਿਹਾਈ ਹੋਈ।

ਸੁਪਰੀਮ ਕੋਰਟ ‘ਚ 4 ਮਾਰਚ 2025 ਨੂੰ ਸੁਣਵਾਈ ਦੌਰਾਨ, ਅਦਾਲਤ ਨੇ ਉਨ੍ਹਾਂ ਨੂੰ ਜਾਂਚ ‘ਚ ਸਹਿਯੋਗ ਕਰਨ ਦੀ ਹਦਾਇਤ ਦਿੱਤੀ ਤੇ 17 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ।

ਮਜੀਠੀਆ ‘ਤੇ ਡਰੱਗ ਤਸਕਰੀ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ਹਨ। ਇਹ ਮਾਮਲਾ ਭੋਲਾ ਡਰੱਗ ਰੈਕੇਟ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਪੰਜਾਬ ਪੁਲਿਸ ਨੇ 12 ਨਵੰਬਰ 2013 ਨੂੰ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਮੋਹਾਲੀ ਅਦਾਲਤ ‘ਚ ਭੋਲਾ ਨੇ ਮਜੀਠੀਆ ਦਾ ਨਾਂ ਲਿਆ, ਜਿਸ ਕਾਰਨ ਸਿਆਸੀ ਹਲਕਿਆਂ ‘ਚ ਹਲਚਲ ਮਚ ਗਈ। 2017 ਅਤੇ 2022 ਦੀਆਂ ਚੋਣਾਂ ‘ਚ ਇਹ ਮੁੱਦਾ ਛਾਇਆ ਰਿਹਾ, ਜਿਸ ਤੋਂ ਠੀਕ ਪਹਿਲਾਂ, 2021 ਵਿੱਚ ਮਜੀਠੀਆ ‘ਤੇ 49 ਪੇਜਾਂ ਦੀ ਐਫਆਈਆਰ ਦਰਜ ਕੀਤੀ ਗਈ ਸੀ।