ਮੁੰਬਈ, 9 ਜੁਲਾਈ
ਪ੍ਰਸਿੱਧ ਫ਼ਿਲਮਕਾਰ ਰਿਚੀ ਮਹਿਤਾ ਹੁਣ 1984 ਵਿੱਚ ਵਾਪਰੇ ਭੋਪਾਲ ਗੈਸ ਹਾਦਸੇ ’ਤੇ ਆਧਾਰਿਤ ਇੱਕ ਸੀਰੀਜ਼ ਪੇਸ਼ ਕਰਨ ਜਾ ਰਹੇ ਹਨ, ਜਿਸ ਨੂੰ ਉਹ ਖ਼ੁਦ ਲਿਖ ਤੇ ਨਿਰਦੇਸ਼ਿਤ ਕਰ ਰਹੇ ਹਨ। ਰੌਨੀ ਸਕਰਿਊਵਾਲਾ ਅਤੇ ਰਮੇਸ਼ ਕ੍ਰਿਸ਼ਨਾਮੂਰਤੀ ਦੇ ਗਲੋਬਲ ਵਨ ਸਟੂਡੀਓ ਵੱਲੋਂ ਬਣਾਈ ਜਾ ਰਹੀ ਇਹ ਸੀਰੀਜ਼ ਡੋਮੀਨੀਕ ਲਾਪੀਅਰ ਅਤੇ ਜ਼ੇਵੀਅਰ ਮੋਰੋ ਦੀ 1997 ਵਿੱਚ ਛਪੀ ਕਿਤਾਬ ‘ਫਾਈਵ ਪਾਸਟ ਮਿੱਡਨਾਈਟ ਇਨ ਭੋਪਾਲ: ਦਿ ਐਪਿਕ ਸਟੋਰੀ ਆਫ ਦਿ ਵਰਲਡਜ਼ ਡੈਡਲੀਐਸਟ ਡਿਜ਼ਾਸਟਰ’ ’ਤੇ ਆਧਾਰਿਤ ਹੈ। ਰਿਚੀ ਮਹਿਤਾ ਨੇ ਨੈੱਟਫਲਿਕਸ ’ਤੇ ਪ੍ਰਸਿੱਧ ਹੋਈ ਕ੍ਰਾਈਮ ਡਰਾਮਾ ਸੀਰੀਜ਼ ‘ਦਿੱਲੀ ਕ੍ਰਾਈਮ’ ਨੂੰ ਬਣਾਇਆ ਤੇ ਨਿਰਦੇਸ਼ਿਤ ਕੀਤਾ ਹੈ। ਪਿਛਲੇ ਸਾਲ ਇਸ ਸੀਰੀਜ਼ ਨੂੰ 48ਵੇਂ ਕੌਮਾਂਤਰੀ ਐਮੀ ਐਵਾਰਡ ਦੀ ਸਭ ਤੋਂ ਵਧੀਆ ਡਰਾਮਾ ਸੀਰੀਜ਼ ਦੀ ਕੈਟਾਗਰੀ ਵਿੱਚ ਸਨਮਾਨਿਆ ਗਿਆ ਹੈ। ਭੋਪਾਲ ਗੈਸ ਹਾਦਸੇ ਬਾਰੇ ਗੱਲ ਕਰਦਿਆਂ ਰਿਚੀ ਮਹਿਤਾ ਨੇ ਕਿਹਾ, ‘1980ਵਿਆਂ ਵਿੱਚ ਵਾਪਰੇ ਇਸ ਹਾਦਸੇ ਦੀ ਯਾਦ ਨੌਜਵਾਨਾਂ ਦੇ ਦਿਮਾਗ ਵਿੱਚ ਧੁੰਦਲੀ ਜਿਹੀ ਹੀ ਰਹਿ ਗਈ ਹੈ। ਭਾਰਤ ਵਿੱਚ ਅਤੇ ਕੌਮਾਂਤਰੀ ਪੱਧਰ ’ਤੇ ਵੀ ਜ਼ਿਆਦਾਤਰ ਲੋਕਾਂ ਨੂੰ ਇਸ ਹਾਦਸੇ ਬਾਰੇ ਕੁਝ ਖਾਸ ਪਤਾ ਹੀ ਨਹੀਂ ਹੈ ਜਾਂ ਉਨ੍ਹਾਂ ਇਸ ਸਬੰਧੀ ਕੁਝ ਅਫ਼ਵਾਹਾਂ ਸੁਣੀਆਂ ਹੋਈਆਂ ਹਨ। ਇਸ ਲਈ ਮੈਂ ਇਸ ਕਿਤਾਬ ਦੇ ਲੇਖਕਾਂ ਵੱਲੋਂ ਹਾਦਸੇ ਬਾਰੇ ਕੀਤੀ ਗਈ ਬਹਿਤਰੀਨ ਤਫ਼ਤੀਸ਼ ’ਤੇ ਆਧਾਰਿਤ ਸੀਰੀਜ਼ ਬਣਾਉਣ ਬਾਰੇ ਸੋਚਿਆ।’