‘‘ਅਮਰੋ ਓ ਅਮਰੋ!’’ ਰਸੋਈ ਵਿੱਚ ਕੰਮ ਕਰ ਰਹੀ ਅਮਰਜੀਤ ਨੇ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਪਤੀ ਦਿਆਲ ਸਿੰਘ ਵਿਹੜੇ ਵਿਚ ਮੰਜੀ ਡਾਹੁੰਦਿਆਂ ਉਸ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘‘ਲੈ ਬਈ ਬਜ਼ੁਰਗਾ ਇੱਥੇ ਬੈਠ ਆਰਾਮ ਨਾਲ,’’ ਦਿਆਲ ਸਿੰਘ ਨੇ ਨਾਲ ਆਏ ਬਜ਼ੁਰਗ ਨੂੰ ਕਿਹਾ।
ਉਸ ਦਾ ਧਿਆਨ ਆਪਣੀ ਪਤਨੀ ਵੱਲ ਗਿਆ ਤਾਂ ਉਸ ਨੂੰ ਕਿਹਾ, ‘‘ਅਮਰੋ, ਇਹ ਵਿਚਾਰਾ ਦੋ ਦਿਨਾਂ ਤੋਂ ਭੁੱਖਾ ਪਿਆਸੈ, ਇਹਨੂੰ ਰੋਟੀ-ਪਾਣੀ ਦੇ ਲਿਆ ਕੇ।’’
ਅਮਰੋ ਨੇ ਰੋਟੀ ਤੇ ਪਾਣੀ ਦਾ ਜੱਗ ਲਿਆ ਕੇ ਉਸ ਬਜ਼ੁਰਗ ਨੂੰ ਦਿੱਤਾ। ਜਦੋਂ ਉਸ ਨੇ ਰੋਟੀ ਦੀ ਪਹਿਲੀ ਬੁਰਕੀ ਤੋੜੀ ਤਾਂ ਮੱਲੋਜ਼ੋਰੀ ਡੱਕਦਿਆਂ ਵੀ ਹੰਝੂ ਉਸ ਦੀਆਂ ਅੱਖਾਂ ’ਚੋਂ ਵਹਿ ਤੁਰੇ। ਦਿਆਲ ਸਿੰਘ ਤੇ ਅਮਰਜੀਤ ਹੈਰਾਨ-ਪਰੇਸ਼ਾਨ ਅੱਖਾਂ ਨਾਲ ਉਸ ਵੱਲ ਵੇਖ ਰਹੇ ਸਨ। ਹੱਥ ਵਿਚ ਫੜੀ ਬੁਰਕੀ ਵੱਲ ਦੇਖਦਾ
ਹੋਇਆ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਦਿਆਲ ਸਿੰਘ ਨੇ ਕਾਹਲੇ ਹੋ ਕੇ ਪੁੱਛਿਆ, ‘‘ਕੀ ਹੋਇਆ ਬਜ਼ੁਰਗਾ?’’ ਆਪਣੇ-ਆਪ ਨੂੰ ਸੰਭਾਲਦਿਆਂ ਉਹ ਬੋਲਿਆ, ‘‘ਏਕ ਸਰਦਾਰ ਕੇ ਯਹਾਂ ਕਾਮ ਕਰਤਾ ਥਾ, ਕਰੋਨਾ ਕੇ ਡਰ ਸੇ ਉਨਹੋਂ ਨੇ ਕਾਮ ਸੇ ਨਿਕਾਲ ਦੀਆ। ਕੋਈ ਕਾਮ ਨਾ ਮਿਲਾ ਤੋ ਅਪਨੇ ਦੇਸ ਕੋ ਨਿਕਲ ਪੜਾ। ਜਿਸ ਰੋਟੀ ਕੇ ਲੀਏ ਇਤਨੀ ਦੂਰ ਸੇ ਆਇਆ ਅਬ ਯਹਾਂ ਭੀ ਉਸੀ ਕੋ ਤਰਸ ਰਹਾਂ ਹੂੰ। ਇਸ ਭੂਖ ਕੀ
ਤੜਪ ਸੇ ਤੋ ਕਰੋਨਾ ਸੇ ਮਰਨਾ ਅੱਛਾ।’’
– ਨਿਰਮਲਜੀਤ ਕੌਰ