ਭੁਬਨੇਸ਼ਵਰ, 7 ਫਰਵਰੀ
ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਸਵੈ-ਵਿਸ਼ਵਾਸ ਨਾਲ ਲਬਰੇਜ ਵਿਸ਼ਵ ਚੈਂਪੀਅਨ ਬੈਲਜੀਅਮ ਐੱਫਆਈਐੱਚ ਹਾਕੀ ਪ੍ਰੋ-ਲੀਗ ਦੇ ਅਗਾਮੀ ਗੇੜ ਦੇ ਮੈਚ ਵਿੱਚ ਭਾਰਤ ਨੂੰ ਹਲਕੇ ਵਿੱਚ ਨਹੀਂ ਲੈ ਰਿਹਾ। ਟੀਮ ਦੇ ਕਪਤਾਨ ਥੌਮਸ ਬ੍ਰਿਲਜ਼ ਦਾ ਮੰਨਣਾ ਹੈ ਕਿ ਮੇਜ਼ਬਾਨ ਟੀਮ ਤੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲ ਸਕਦੀ ਹੈ। ਬ੍ਰਿਲਜ਼ ਨੇ ਕਿਹਾ ਕਿ ਬੈਲਜੀਅਮ ਨੂੰ ਬਾਖੂਬੀ ਪਤਾ ਹੈ ਕਿ ਭਾਰਤ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ। ਬੈਲਜੀਅਮ 11 ਅੰਕਾਂ ਨਾਲ ਸਿਖਰ ’ਤੇ ਹੈ ਤੇ ਉਸ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਸ਼ਿਕਸਤ ਦਿੱਤੀ ਹੈ। ਉਧਰ ਭਾਰਤ ਨੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ। ਭਾਰਤ ਦੋ ਮੈਚਾਂ ਵਿੱਚ ਪੰਜ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ।
ਬ੍ਰਿਲਜ਼ ਨੇ ਕਿਹਾ, ‘ਭਾਰਤੀ ਟੀਮ ਨੇ ਪਹਿਲੇ ਦੋ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਨੂੰ ਸਖ਼ਤ ਚੁਣੌਤੀ ਮਿਲਣ ਦਾ ਅਨੁਮਾਨ ਹੈ। ਅਸੀਂ ਇਸ ਤਕੜੀ ਚੁਣੌਤੀ ਦਾ ਟਾਕਰਾ ਕਰਨ ਲਈ ਬੇਤਾਬ ਹਾਂ ਤਾਂ ਕਿ ਓਲੰਪਿਕ ਦੀਆਂ ਤਿਆਰੀਆਂ ਨੂੰ ਪੁਖਤਾ ਕਰ ਸਕੀਏ।’ ਬੈਲਜੀਅਮ ਨੇ ਕਾਲਿੰਗਾ ਸਟੇਡੀਅਮ ਵਿੱਚ ਹੀ 2018 ਦਾ ਵਿਸ਼ਵ ਕੱਪ ਜਿੱਤਿਆ ਸੀ। ਬ੍ਰਿਲਜ਼ ਨੇ ਕਿਹਾ, ‘ਇਸ ਸ਼ਹਿਰ ਵਿੱਚ ਵਾਪਸ ਆ ਕੇ ਚੰਗਾ ਲੱਗ ਰਿਹੈ, ਜਿੱਥੇ ਅਸੀਂ ਚੈਂਪੀਅਨ ਬਣੇ। ਇਸ ਥਾਂ ਨਾਲ ਸਾਡੀਆਂ ਸੁਨਹਿਰੀਆਂ ਯਾਦਾਂ ਜੁੜੀਆਂ ਹਨ। ਕਾਲਿੰਗਾ ਸਟੇਡੀਅਮ ਦੀ ਟਰਫ਼ ’ਤੇ ਪੈਰ ਰੱਖਣਾ ਹੀ ਲਾਜਵਾਬ ਤਜਰਬਾ ਹੈ।’ ਬੈਲਜੀਅਨ ਟੀਮ ਦੇ ਕੋਚ ਸ਼ੇਨ ਮੈਕਲਿਓਡ ਨੇ ਕਿਹਾ, ‘ਇਹ ਵਿਸ਼ਵ ਦੇ ਸਰਵੋਤਮ ਸਟੇਡੀਅਮਾਂ ’ਚੋਂ ਇਕ ਹੈ ਤੇ ਇਥੇ ਸਾਡਾ ਚੰਗਾ ਰਿਕਾਰਡ ਹੈ। ਅਸੀਂ ਇਥੇ ਖੇਡੇ ਦਸ ਮੈਚਾਂ ’ਚੋਂ 8 ਵਿੱਚ ਜਿੱਤ ਤੇ ਦੋ ਡਰਾਅ ਖੇਡੇ ਹਨ।’