ਸੰਯੁਕਤ ਰਾਸ਼ਟਰ/ਜਨੇਵਾ, 6 ਸਤੰਬਰ

ਭਾਰਤ ਨੇ ਮਨੀਪੁਰ ਹਿੰਸਾ ਬਾਰੇ ਸੰਯੁਕਤ ਰਾਸ਼ਟਰ ਮਾਹਿਰਾਂ ਦੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤ ਨੇ ਇਨ੍ਹਾਂ ਟਿੱਪਣੀਆਂ ਨੂੰ ‘ਗੈਰਵਾਜਬ, ਫ਼ਰਜ਼ੀ ਤੇ ਗੁਮਰਾਹਕੁਨ’ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਉੱਤਰ-ਪੂਰਬੀ ਰਾਜ ਵਿੱਚ ਹਾਲਾਤ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ। ਮਨੁੱਖੀ ਹੱਕਾਂ ਬਾਰੇ ਹਾਈ ਕਮਿਸ਼ਨਰ ਦਫ਼ਤਰ ਦੀ ਵਿਸ਼ੇਸ਼ ਬ੍ਰਾਂਚ ਵੱਲੋਂ ਜਾਰੀ ਕੂਟਨੀਤਕ ਸੁਨੇਹੇ ਵਿੱਚ ਭਾਰਤੀ ਮਿਸ਼ਨ ਨੇ ਜ਼ੋਰ ਦੇ ਕੇ ਆਖਿਆ ਕਿ ਮਨੀਪੁਰ ਵਿੱਚ ਹਾਲਾਤ ਸ਼ਾਂਤੀਪੂਰਨ ਤੇ ਸਥਿਰ ਹਨ ਅਤੇ ਭਾਰਤ ਸਰਕਾਰ ਉਥੇ ਅਮਨ ਤੇ ਸਥਿਰਤਾ ਦੀ ਬਹਾਲੀ ਲਈ ਹਰ ਸੰਭਵ ਕਦਮ ਚੁੁੱਕਣ ਲਈ ਵਚਨਬੱਧ ਹੈ। ਸੁਨੇਹੇ ਵਿਚ ਕਿਹਾ ਗਿਆ, ‘‘ਸਰਕਾਰ ਮਨੀਪੁਰ ਦੇ ਲੋਕਾਂ ਸਣੇ ਭਾਰਤ ਦੀ ਆਵਾਮ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਵੀ ਪ੍ਰਤੀਬੱਧ ਹੈ।’’ ਸੰਯੁਕਤ ਰਾਸ਼ਟਰ ਦਫ਼ਤਰ ਵਿਚਲੇ ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ, ‘‘ਭਾਰਤ ਦਾ ਸਥਾਈ ਮਿਸ਼ਨ ਯੂਐੱਨ ਮਾਹਿਰਾਂ ਦੀਆਂ ਮਨੀਪੁਰ ਵਿੱਚ ਨਸਲੀ ਹਿੰਸਾ ਬਾਰੇ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ ਕਿਉਂਕਿ ਇਹ ਨਾ ਸਿਰਫ ਗੈਰਵਾਜਬ, ਫ਼ਰਜ਼ੀ ਤੇ ਗੁਮਰਾਹਕੁਨ ਹਨ ਬਲਕਿ ਮਨੀਪੁਰ ਦੇ ਹਾਲਾਤ ਤੇ ਭਾਰਤ ਸਰਕਾਰ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਚੁੱਕੇ ਕਦਮਾਂ ਨੂੰ ਸਮਝਣ ਦੀ ਘਾਟ ਨੂੰ ਵੀ ਦਰਸਾਉਂਦਾ ਹੈ।’’ ਚੇਤੇ ਰਹੇ ਕਿ ਯੂਐੱਨ ਮਾਹਿਰਾਂ ਨੇ ਮਨੀਪੁਰ ਵਿੱਚ ‘ਮਨੁੱਖੀ ਹੱਕਾਂ ਦੀ ਗੰਭੀਰ ਉਲੰਘਣਾ’ ਬਾਬਤ ਰਿਪੋਰਟਾਂ ਦੇ ਹਵਾਲੇ ਨਾਲ ਫ਼ਿਕਰ ਜ਼ਾਹਿਰ ਕੀਤੇ ਸਨ। ਮਾਹਿਰਾਂ ਨੇ ਕਿਹਾ ਸੀ ਕਿ ਉਹ ਮਨੀਪੁਰ ਵਿੱਚ ਔਰਤਾਂ ਤੇ ਮੁਟਿਆਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਲਿੰਗ ਅਧਾਰਿਤ ਹਿੰਸਾ ਨਾਲ ਸਬੰਧਤ ਰਿਪੋਰਟਾਂ ਤੇ ਤਸਵੀਰਾਂ ਦੇਖ ਕੇ ‘ਭੈਅਭੀਤ’ ਹਨ। ਮਾਹਿਰਾਂ ਨੇ ਕਿਹਾ ਸੀ ਕਿ ਮਨੀਪੁਰ ਦੀਆਂ ਹਾਲੀਆ ਘਟਨਾਵਾਂ ਭਾਰਤ ਵਿੱਚ ਧਾਰਮਿਕ ਤੇ ਨਸਲੀ ਘੱਟਗਿਣਤੀਆਂ ਲਈ ਵਿਗੜਦੇ ਹਾਲਾਤ ਦੀ ਬਹੁਤ ਹੀ ਦਰਦਨਾਕ ਮਿਸਾਲ ਹਨ। ਭਾਰਤ ਦੇ ਸਥਾਈ ਮਿਸ਼ਨ ਨੇ ਨਿਰਾਸ਼ਾ ਤੇ ਹੈਰਾਨੀ ਜਤਾਈ ਕਿ ਐੱਸਪੀਐੱਮਐੱਚ’ਸ (ਸਪੈਸ਼ਲ ਪ੍ਰੋਸੀਜ਼ਰ ਮੈਂਡੇਟ ਹੋਲਡਰਾਂ) ਨੇ ‘ਇੰਡੀਆ: ਯੂਐੱਨ ਐਕਸਪਰਟਸ ਅਲਾਰਮਡ ਬਾਇ ਕੰਟੀਨਿਊਇੰਗ ਐਬਿਊਜ਼ਿਜ਼ ਇਨ ਮਨੀਪੁਰ’ ਸਿਰਲੇਖ ਵਾਲੀ ਨਿਊਜ਼ ਰਿਲੀਜ਼ ਕਰਨ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਇਸ ਵਿਸ਼ੇ ’ਤੇ ਜਵਾਬ ਦੇਣ ਲਈ ਮਿਲੇ 60 ਦਿਨਾਂ ਦੀ ਉਡੀਕ ਵੀ ਨਹੀਂ ਕੀਤੀ।