ਥਾਣੇ (ਮਹਾਰਾਸ਼ਟਰ), 4 ਦਸੰਬਰ
ਕਰੋਨਾ ਦੀ ਨਵੀਂ ਕਿਸਮ ਓਮੀਕਰੋਨ ਦਾ ਮਹਾਰਾਸ਼ਟਰ ਵਿੱਚ ਪਹਿਲਾ ਕੇਸ ਮਿਲਿਆ ਹੈ, ਜਿਸ ਨਾਲ ਭਾਰਤ ਵਿੱਚ ਇਸ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਇਹ 33 ਸਾਲਾ ਵਿਅਕਤੀ ਦੱਖਣੀ ਅਫਰੀਕਾ ਤੋਂ ਨਵੀਂ ਦਿੱਲੀ ਦੇ ਰਸਤੇ ਮੁੰਬਈ ਪੁੱਜਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਵਿਅਕਤੀ 24 ਨਵੰਬਰ ਨੂੰ ਕੈਪਟਾਊਨ ਤੋਂ ਆਇਆ ਸੀ ਅਤੇ ਹਲਕੇ ਬੁਖ਼ਾਰ ਦੀ ਸ਼ਿਕਾਇਤ ਕੀਤੀ ਸੀ, ਪਰ ਉਸ ਵਿੱਚ ਹੋਰ ਕੋਈ ਲੱਛਣ ਨਜ਼ਰ ਨਹੀਂ ਆਇਆ। ਇਸ ਯਾਤਰੀ ਦਾ ਇਸ ਸਮੇਂ ਕਲਿਆਣ-ਡੌਮਬਿਵਲੀ ਵਿੱਚ ਬਣੇ ਕਰੋਨਾ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ। ਥਾਣੇ ਸਿਹਤ ਅਧਿਕਾਰੀਆਂ ਨੇ ਉਸ ਦੇ ਸੰਪਰਕ ਵਿੱਚ ਆਏ 35 ਜਣਿਆਂ ਦਾ ਪਤਾ ਲਗਾਇਆ ਹੈ, ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ 25 ਹੋਰ ਯਾਤਰੀ ਜੋ ਉਸ ਨਾਲ 24 ਨਵੰਬਰ ਨੂੰ ਨਵੀਂ ਦਿੱਲੀ-ਮੁੰਬਈ ਉਡਾਣ ਰਾਹੀਂ ਇੱਥੇ ਪੁੱਜੇ ਸਨ, ਉਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।