ਨਵੀਂ ਦਿੱਲੀ, 18 ਸਤੰਬਰ
ਕੇਂਦਰੀ ਮੰਤਰੀ ਵੀਕੇ ਸਿੰਘ ਨੇ ਸੋਮਵਾਰ ਨੂੰ ਆਖਿਆ ਕਿ ਪਾਕਿਸਤਾਨ ਵਿੱਚ ਭਾਵੇਂ ਇਮਰਾਨ ਖ਼ਾਨ ਨਵੇਂ ਪ੍ਰਧਾਨ ਮੰਤਰੀ ਚੁਣ ਲਏ ਗਏ ਹਨ ਪਰ ਫ਼ੌਜ ਦਾ ਸਿੱਕਾ ਅਜੇ ਵੀ ਚਲਦਾ ਹੈ। ਇਹ ਦੇਖਣਾ ਬਾਕੀ ਹੈ ਕਿ ਉਹ ਕੋਈ ਤਬਦੀਲੀ ਲਿਆ ਸਕਦੇ ਹਨ ਜਾਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਸਰਹੱਦੀ ਲਾਂਘਾ ਦੇਣ ਬਾਰੇ ਪਾਕਿਸਤਾਨ ਵੱਲੋਂ ਭਾਰਤ ਸਰਕਾਰ ਨੂੰ ਅਜੇ ਕੋਈ ਵੀ ਤਜਵੀਜ਼ ਪ੍ਰਾਪਤ ਨਹੀਂ ਹੋਈ।
ਇਸ ਦੌਰਾਨ, ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਇੰਟੇਗ੍ਰੇਟਿਡ ਬਾਰਡਰ ਮੈਨੇਜਮੈਂਟ ਸਿਸਟਮ (ਸੀਆਈਬੀਐਮਐਸ) ਦੇ ਦੋ ਪਾਇਲਟ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਜੰਮੂ ਦੇ ਦੌਰੇ ’ਤੇ ਆਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪਾਕਿਸਤਾਨ ਦੇ ਨਜ਼ਰੀਏ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਈ ਪਰ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪਾਕਿਸਤਾਨ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੇ ਉਹ ਇਸ ਦੀ ਕਾਮਨਾ ਕਰਦੇ ਹਨ।
ਪਰਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਨਵੀਂ ਹਕੂਮਤ ਬਣਨ ਤੋਂ ਬਾਅਦ ਭਾਰਤ ਦਾ ਰੁਖ਼ ‘ ਇੰਤਜ਼ਾਰ ਕਰੋ ਤੇ ਦੇਖੋ’ ਵਾਲਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਕਿਸਤਾਨ ਵਿੱਚ ਨਵੀਂ ਹਕੂਮਤ ਬਣਨ ਤੋਂ ਬਾਅਦ ਵੀ ਗੋਲੀਬੰਦੀ ਦੀ ਉਲੰਘਣਾ ਜਾਰੀ ਹੈ ਤਾਂ ਉਨ੍ਹਾਂ ਕਿਸੇ ਦਾ ਨਾਂ ਲਏ ਬਗ਼ੈਰ ਕਿਹਾ ‘‘ ਕੀ ਤੁਹਾਨੂੰ ਕੋਈ ਬਦਲਾਅ ਦੀ ਉਮੀਦ ਸੀ? ਮੈਨੂੰ ਨਹੀਂ ਪਤਾ। ਆਖਰਕਾਰ ਇਕ ਅਜਿਹਾ ਵਿਅਕਤੀ ਉਭਰ ਕੇ ਆਇਆ ਜਿਸ ਨੂੰ ਫ਼ੌਜ ਚਾਹੁੰਦੀ ਸੀ। ਫ਼ੌਜ ਦਾ ਰਾਜ ਅਜੇ ਵੀ ਕਾਇਮ ਹੈ। ਇਸ ਲਈ ਇੰਤਜ਼ਾਰ ਕਰਨਾ ਤੇ ਦੇਖਦੇ ਰਹਿਣਾ ਹੀ ਠੀਕ ਹੈ। ਕੀ ਵਿਅਕਤੀ ਫ਼ੌਜ ਦੇ ਕੰਟਰੋਲ ਹੇਠ ਰਹਿੰਦਾ ਹੈ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਤਾਂ ਹੀ ਹੋ ਸਕਦੀ ਹੈ ਜੇ ਗੱਲਬਾਤ ਲਈ ਮਾਹੌਲ ਸਾਜ਼ਗਾਰ ਹੋਵੇਗਾ। ਗੁਰਦੁਆਰਾ ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਕਿਹਾ ਕਿ ਇਹ ਮੁੱਦਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਤੇ ਅਜੇ ਇਸ ਬਾਰੇ ਕੁਝ ਵੀ ਨਹੀਂ ਹੋਇਆ ਤੇ ਜੇ ਕੁਝ ਹੋਇਆ ਤਾਂ ਅਸੀਂ ਤੁਹਾਨੂੰ (ਮੀਡੀਆ) ਨੂੰ ਦੱਸਾਂਗੇ। 

‘ਸ਼ਹਿਰੀ ਨਕਸਲਵਾਦ’ ਦੀ ਚੁਣੌਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ’
ਜੰਮੂ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ‘ਸ਼ਹਿਰੀ ਨਕਸਲਵਾਦ’ ਵੱਲੋਂ ਪੇਸ਼ ਚੁਣੌਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਪਰ ਜ਼ੋਰ ਦਿੱਤਾ ਕਿ ਇਸ ਨਾਲ ਮੌਕੇ ਮੁਤਾਬਕ ਨਜਿੱਠਿਆ ਜਾਵੇਗਾ। ਬੀਐਸਐਫ ਦੇ ਹੈੱਡਕੁਆਰਟਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ‘ਅਰਬਨ ਨਕਸਲ’ ਦਾ ਮਾਪਦੰਡ ਕੀ ਹੋਵੇਗਾ ਅਤੇ ਇਸ ਦਾ ਪੈਮਾਨਾ ਕੀ ਹੋਵੇਗਾ, ਇਹ ਬੜਾ ਮੁਸ਼ਕਲ ਸਵਾਲ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਫੀਡਬੈਕ ਦੇ ਆਧਾਰ ’ਤੇ ਉਨ੍ਹਾਂ ਨਾਲ ਟਾਕਰਾ ਕੀਤਾ ਜਾਵੇਗਾ। 

ਰਾਸ਼ਟਰਪਤੀ ਅਲਵੀ ਨੇ ਸੰਸਦ ਵਿੱਚ ਚੁੱਕਿਆ ਕਸ਼ਮੀਰ ਦਾ ਮੁੱਦਾ
ਇਸਲਾਮਾਬਾਦ: ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਆਪਣੇ ਪਹਿਲੇ ਅਤੇ ਸੰਸਦ ਦੇ ਸਾਂਝੇ ਸੈੇਸ਼ਨ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਮੁੱਦੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਨੂੰ ਖ਼ੁਦਮੁਖ਼ਤਾਰੀ ਦਾ ਹੱਕ ਹੈ। ਉਨ੍ਹਾਂ ਇਸ ਮੁੱਦੇ ’ਤੇ ਕੌਮਾਂਤਰੀ ਭਾਈਚਾਰੇ ਤੋਂ ਮਦਦ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ। ਜੀਓ ਨਿਊਜ਼ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਸ਼ਮੀਰ ਮੁੱਦੇ ਦਾ ਸ਼ਾਂਤੀਪੁੂਰਨ ਹੱਲ ਚਾਹੁੰਦੇ ਹਨ ਤੇ ਇਸ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ। ਡਾਅਨ ਦੀ ਰਿਪੋਰਟ ਅਨੁਸਾਰ ਕਸ਼ਮੀਰ ਮੁੱਦੇ ’ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਮੁੱਦੇ ’ਤੇ ਕਿਸੇ ’ਤੇ ਦੋਸ਼ ਲਾਉਣ ਦੀ ਥਾਂ ਚਾਹੁੰਦੇ ਹਨ ਕਿ ਸਰਕਾਰ ਇਸ ਲਈ ਹਰ ਪੱਧਰ ’ਤੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇ। ਉਨ੍ਹਾਂ ਕਿਹਾ ਕਸ਼ਮੀਰ ਮੁੱਦੇ ਦਾ ਹੱਲ ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਸੁਧਾਰਨਾ ਮਹੱਤਵਪੂਰਨ ਹੈ।