ਚੰਡੀਗੜ੍ਹ: 7 ਮਈ ਨੂੰ ਦੇਸ਼ ਭਰ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਇਹ ਮੌਕ ਡ੍ਰਿਲ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ। ਜਿਸ ਵਿੱਚ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ, ਪੰਜਾਬ ਵਰਗੇ ਰਾਜਾਂ ਦੇ ਕਈ ਜ਼ਿਲ੍ਹੇ ਆਉਂਦੇ ਹਨ। ਇਸ ਵਿੱਚ, ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕ ਡ੍ਰਿਲ ਦੌਰਾਨ, ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੀ ਵਜਾਏ ਜਾਣਗੇ।

ਪੰਜਾਬ ਵਿੱਚ ਜਿਨ੍ਹਾਂ ਥਾਵਾਂ ‘ਤੇ ਮੌਕ ਡਰਿੱਲ ਕਰਵਾਈ ਜਾਵੇਗੀ, ਉਨ੍ਹਾਂ ਵਿੱਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਫਿਰੋਜ਼ਪੁਰ, ਹੁਸ਼ਿਆਰਪੁਰ, ਪਠਾਨਕੋਟ, ਬਠਿੰਡਾ, ਮੋਹਾਲੀ, ਅਬੋਹਰ, ਸੰਗਰੂਰ, ਰੋਪੜ, ਫਰੀਦਪੁਰ, ਬਟਾਲਾ, ਬਰਨਾਲਾ, ਹਲਵਾਰਾ, ਭਾਖੜਾ ਨੰਗਲ ਸ਼ਾਮਲ ਹਨ। ਇੱਥੇ ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁਧ ਜੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ‘ਤੇ, 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿਚ ਸਿਵਲ ਡਿਫ਼ੈਂਸ ਮੌਕ ਡਰਿੱਲ ਕਰਵਾਈ ਜਾਵੇਗੀ, ਜਿਸ ਲਈ ਅੱਜ (ਮੰਗਲਵਾਰ) ਇਕ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ। 1971 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਜਿਹਾ ਅਭਿਆਸ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 7 ਦਿਨਾਂ ਵਿਚ ਤਿੰਨਾਂ ਫ਼ੌਜਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਤਿਆਰੀਆਂ ਅਤੇ ਸੰਭਾਵਤ ਕਾਰਜ ਯੋਜਨਾਵਾਂ ‘ਤੇ ਚਰਚਾ ਕੀਤੀ ਹੈ। ਪਹਿਲਗਾਮ ਹਮਲੇ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਜ਼ਿਸ਼ਕਾਰਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ।

ਗ੍ਰਹਿ ਸਕੱਤਰ 244 ਸਿਵਲ ਡਿਫੈਂਸ ਜ਼ਿਲ੍ਹਿਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਬਹੁਤ ਮਹੱਤਵਪੂਰਨ ਹੈ ਜੋ ਕਿ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਹੇਠ ਨੌਰਥ ਬਲਾਕ ਵਿਚ ਆਯੋਜਿਤ ਕੀਤੀ ਗਈ ਹੈ। ਮੀਟਿੰਗ ਵਿਚ ਅਰਧ ਸੈਨਿਕ ਬਲਾਂ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਫ਼ਾਇਰ ਸਰਵਿਸ, ਸਿਵਲ ਡਿਫ਼ੈਂਸ ਅਤੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ, ਆਈਪੀਐਸ ਵਿਵੇਕ ਸ਼੍ਰੀਵਾਸਤਵ ਵੀ ਮੌਜੂਦ ਸਨ। ਮੀਟਿੰਗ ਵਿਚ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਇਹ ਸਪੱਸ਼ਟ ਕਰਦੀ ਹੈ ਕਿ ਇਹ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਨਾਲ ਸਬੰਧਤ ਇਕ ਰਾਸ਼ਟਰੀ ਪੱਧਰ ਦਾ ਤਾਲਮੇਲ ਯਤਨ ਹੈ।

ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਵਿਚ ਅਤਿਵਾਦੀਆਂ ਵਿਰੁਧ ਸੰਭਾਵਤ ਕਾਰਵਾਈ ਤੋਂ ਪਹਿਲਾਂ ਹਰ ਤੱਥ ਨੂੰ ਵਿਸਥਾਰ ਨਾਲ ਸਮਝਣਾ ਚਾਹੁੰਦੇ ਹਨ। ਸੂਤਰਾਂ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨੇ ਤਿੰਨਾਂ ਸੈਨਾਵਾਂ ਨਾਲ ਉਨ੍ਹਾਂ ਦੀਆਂ ਤਿਆਰੀਆਂ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ ਹੈ। ਤਿੰਨਾਂ ਫ਼ੌਜਾਂ ਨੂੰ ਉਨ੍ਹਾਂ ਦੀਆਂ ਫ਼ੌਜੀ ਤਿਆਰੀਆਂ ਬਾਰੇ ਦਸਿਆ ਗਿਆ ਹੈ ਅਤੇ ਭਲਕੇ ਹੋਣ ਵਾਲੀ ਮੌਕ ਡਰਿੱਲ ਵੀ ਯੋਜਨਾ ਦਾ ਇਕ ਮਹੱਤਵਪੂਰਨ ਹਿੱਸਾ ਹੈ।