ਸੰਯੁਕਤ ਰਾਸ਼ਟਰ, 13 ਮਈ

ਯੂਕਰੇਨ ਵਿਚ ਵਿਗੜ ਰਹੀ ਮਨੁੱਖੀ ਹੱਕਾਂ ਦੀ ਸਥਿਤੀ ’ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਰੱਖੇ ਗਏ ਮਤੇ ਤੋਂ ਭਾਰਤ ਨੇ ਅੱਜ ਦੂਰੀ ਬਣਾ ਲਈ। ਪਰਿਸ਼ਦ ਨੇ ਮਤੇ ਵਿਚ ਮੁੜ ਤੁਰੰਤ ਫ਼ੌਜੀ ਕਾਰਵਾਈ ਰੋਕਣ ਦੀ ਮੰਗ ਕੀਤੀ। ਜਨੇਵਾ ਵਿਚ ਸੰਯੁਕਤ ਰਾਸ਼ਟਰ ਦੀ ਇਕਾਈ ਨੇ ਆਪਣਾ 34ਵਾਂ ਸੈਸ਼ਨ ਇਹ ਮਤਾ ਅਪਣਾ ਕੇ ਖ਼ਤਮ ਕੀਤਾ। ਇਸ ਮਤੇ ਦੇ ਹੱਕ ਵਿਚ 33 ਵੋਟਾਂ ਪਈਆਂ। ਚੀਨ ਨੇ ਮਤੇ ਖ਼ਿਲਾਫ਼ ਵੋਟ ਪਾਈ। ਭਾਰਤ, ਅਰਮੀਨੀਆ, ਬੋਲੀਵੀਆ, ਕੈਮਰੂਨ, ਕਿਊਬਾ, ਕਜ਼ਾਖ਼ਸਤਾਨ, ਨਾਮੀਬੀਆ, ਪਾਕਿਸਤਾਨ, ਸ਼ੈਨੇਗਲ, ਸੂਡਾਨ, ਉਜ਼ਬੇਕਿਸਤਾਨ ਤੇ ਵੈਨਜ਼ੁਏਲਾ ਨੇ ਮਤੇ ਤੋਂ ਦੂਰੀ ਬਣਾ ਲਈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ, ਮਹਾਸਭਾ ਤੇ ਮਨੁੱਖੀ ਹੱਕ ਕੌਂਸਲ ਵਿਚ ਪੇਸ਼ ਕੀਤੇ ਗਏ ਮਤਿਆਂ ਤੋਂ ਦੂਰੀ ਹੀ ਬਣਾਈ ਹੈ ਤੇ ਵੋਟਿੰਗ ਵਿਚ ਵੀ ਹਿੱਸਾ ਨਹੀਂ ਲਿਆ।