ਪੋਖਰਾ (ਨੇਪਾਲ), 3 ਦਸੰਬਰ
ਭਾਰਤ ਨੇ 13ਵੀਆਂ ਦੱਖਣੀ ਏਸ਼ਿਆਈ ਖੇਡਾਂ (ਸੈਗ) ਵਿੱਚ ਤਗ਼ਮਿਆਂ ਨਾਲ ਆਗਾਜ਼ ਕੀਤਾ, ਜਿਸ ਵਿੱਚ ਉਸ ਨੇ ਅੱਜ ਪਹਿਲੇ ਦਿਨ ਟਰਾਇਥਲੌਨ ਮੁਕਾਬਲਿਆਂ ਵਿੱਚ ਇੱਕ ਸੋਨਾ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ।
ਆਦਰਸ਼ ਐੱਮਐੱਨ ਸਿਨੀਮੋਲ ਨੇ ਪੁਰਸ਼ ਦਾ ਵਿਅਕਤੀਗਤ ਟਰਾਇਥਲੌਨ ਮੁਕਾਬਲਾ ਜਿੱਤ ਕੇ ਭਾਰਤ ਦੀ ਝੋਲੀ ਪਹਿਲਾ ਸੋਨ ਤਗ਼ਮਾ ਪਾਇਆ, ਜਦੋਂਕਿ ਉਸ ਦਾ ਹਮਵਤਨ ਬਿਸ਼ਵੋਰਜੀਤ ਸ੍ਰੀਖ਼ੋਮ 1-2 ਨਾਲ ਪੱਛੜ ਕੇ ਦੂਜੇ ਸਥਾਨ ’ਤੇ ਰਿਹਾ। ਥੌਡਮ ਸਰੋਜਿਨੀ ਦੇਵੀ ਅਤੇ ਮੋਹਨ ਪਰਾਗਨਿਆ ਨੇ ਮਹਿਲਾ ਵਿਅਕਤੀਗਤ ਵਰਗ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਵਿਅਕਤੀਗਤ ਟਰਾਇਥਲੌਨ ਵਿੱਚ 750 ਮੀਟਰ ਤੈਰਾਕੀ, 20 ਕਿਲੋਮੀਟਰ ਮੋਟਰਸਾਈਕਲ ਰੇਸ ਅਤੇ ਪੰਜ ਕਿਲੋਮੀਟਰ ਦੌੜ ਸ਼ਾਮਲ ਹੈ। ਇਨ੍ਹਾਂ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਨੂੰ ਜੇਤੂ ਐਲਾਨਿਆ ਜਾਂਦਾ ਹੈ। ਸਿਨੀਮੋਲ ਨੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਇੱਕ ਮਿੰਟ ਅਤੇ 2.51 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਜਿੱਤਿਆ, ਜਦੋਂਕਿ ਬਿਸ਼ਵੋਜੀਤ ਉਸ ਤੋਂ ਅੱਠ ਸੈਕਿੰਡ (ਇੱਕ ਮਿੰਟ ਅਤੇ 2.59 ਸੈਕਿੰਡ) ਪੱਛੜ ਗਿਆ।
ਨੇਪਾਲ ਦੇ ਬਸੰਤਾ ਥਾਰੂ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਮਹਿਲਾ ਦੇ ਵਿਅਕਤੀਗਤ ਮੁਕਾਬਲੇ ਵਿੱਚ ਸਰੋਜਿਨੀ ਇੱਕ ਮਿੰਟ ਅਤੇ 14 ਸੈਕਿੰਡ ਦਾ ਸਮਾਂ ਕੱਢ ਕੇ ਨੇਪਾਲ ਦੀ ਸੋਨੀ ਗੁਰੁੰਗ (ਇੱਕ ਮਿੰਟ ਅਤੇ 13.45 ਸੈਕਿੰਡ) ਤੋਂ ਪਿੱਛੇ ਰਹੀ। ਇੱਕ ਹੋਰ ਭਾਰਤੀ ਪਰਾਗਨਿਆ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਭਾਰਤ ਇਸ ਟੂਰਨਾਮੈਂਟ ਵਿੱਚ 487 ਅਥਲੀਟਾਂ ਨਾਲ ਉਤਰਿਆ ਹੈ।