ਹਨੋਈ, 7 ਨਵੰਬਰ
ਰੰਜਨਾ ਚਾਨੂ ਦੇ ਗੋਲ ਦੀ ਬਦੌਲਤ ਭਾਰਤੀ ਮਹਿਲਾ ਫੁਟਬਾਲ ਟੀਮ ਨੇ ਅੱਜ ਇੱਥੇ ਦੂਜੇ ਫੀਫਾ ਕੌਮਾਂਤਰੀ ਦੋਸਤਾਨਾ ਮੈਚ ਵਿੱਚ ਵੀਅਤਨਾਮ ਨੂੰ ਬਰਾਬਰੀ ’ਤੇ ਰੋਕ ਦਿੱਤਾ। ਭਾਰਤ ਨੂੰ ਪਹਿਲੇ ਦੋਸਤਾਨਾ ਮੈਚ ਵਿੱਚ ਮੇਜ਼ਬਾਨ ਟੀਮ ਹੱਥੋਂ 0-3 ਗੋਲਾਂ ਨਾਲ ਹਾਰ ਝੱਲਣੀ ਪਈ ਸੀ। ਥਾਈ ਥੀ ਥਾਓ ਦੇ ਦਾਗ਼ੇ ਗੋਲ ਦੀ ਮਦਦ ਨਾਲ ਵੀਅਤਨਾਮ ਨੇ 39ਵੇਂ ਮਿੰਟ ਵਿੱਚ ਹੀ ਲੀਡ ਹਾਸਲ ਕਰ ਲਈ। ਰੰਜਨਾ ਚਾਨੂ ਨੇ ਦੂਜੇ ਅੱਧ ਦੇ 57ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਦੀ ਵਾਪਸੀ ਕਰਾਈ।
ਭਾਰਤ ਨੇ ਮੈਚ ’ਚ ਹਮਲਾਵਰ ਸ਼ੁਰੂਆਤ ਕੀਤੀ। ਵੀਅਤਨਾਮ ਟੀਮ ਦੇ ਡਿਫੈਂਸ ਵਿੱਚ ਸੰਨ੍ਹ ਲਾਉਂਦਿਆਂ ਫਾਰਵਰਡ ਡਾਂਗਮੇਈ ਗਰੇਸ ਨੇ ਆਪਣੀ ਟੀਮ ਲਈ ਪਹਿਲਾ ਮੌਕਾ ਬਣਾਇਆ, ਪਰ ਉਹ ਗੋਲ ਕਰਨ ਤੋਂ ਖੁੰਝ ਗਈ। ਮੇਜ਼ਬਾਨ ਟੀਮ ਨੇ ਵੀ ਜਵਾਬੀ ਹਮਲਾ ਬੋਲਦਿਆਂ ਸ਼ਾਟ ਮਾਰਿਆ, ਜਿਸ ਦਾ ਭਾਰਤੀ ਗੋਲਕੀਪਰ ਅਦਿਤੀ ਚੌਹਾਨ ਨੇ ਜ਼ਬਰਦਸਤ ਬਚਾਅ ਕੀਤਾ। ਭਾਰਤ ਨੂੰ ਫਰੀ ਕਿੱਕ ਵੀ ਮਿਲੀ, ਪਰ ਸਟਰਾਈਕਰ ਬਾਲਾ ਦੇਵੀ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਭਾਰਤ ਦੇ ਖੁੰਝਣ ਮਗਰੋਂ ਥਾਈ ਥੀ ਥਾਓ ਨੇ ਪਹਿਲੇ ਅੱਧ ਤੋਂ ਛੇ ਮਿੰਟਾਂ ਹੀ ਵੀਅਤਨਾਮ ਨੂੰ ਲੀਡ ਦਿਵਾ ਦਿੱਤੀ। ਇਸ ਮਗਰੋਂ ਭਾਰਤੀ ਸਟਰਾਈਕਰਾਂ ਨੇ ਮੇਜ਼ਬਾਨ ਗੋਲਚੀ ਟਰਾਨ ਥੀ ਕਿਮ ਥਾਨ੍ਹ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਅੱਗਿਓਂ ਮੁਸ਼ਤੈਦ ਵੀਅਤਨਾਮੀ ਗੋਲਕੀਪਰ ਨੇ ਦੋ ਜ਼ਬਰਦਸਤ ਬਚਾਅ ਕਰਦਿਆਂ ਭਾਰਤ ਨੂੰ ਲੀਡ ਦੁੱਗਣੀ ਕਰਨ ਤੋਂ ਵਾਂਝਾ ਰੱਖਿਆ। ਰੰਜਨਾ ਨੇ 57ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਬਰਾਬਰੀ ਦਿਵਾਈ।