ਨਵੀਂ ਦਿੱਲੀ, 30 ਮਈ
ਹਾਕੀ ਇੰਡੀਆ ਨੇ 15 ਜੂਨ ਤੋਂ ਜਾਪਾਨ ਦੇ ਹੀਰੋਸ਼ੀਮਾ ਵਿੱਚ ਹੋਣ ਵਾਲੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਰਾਣੀ ਰਾਮਪਾਲ ਨੂੰ ਟੀਮ ਦੀ ਕਪਤਾਨ ਅਤੇ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ। ਮਿਡਫੀਲਡਰ ਨਿਸ਼ਾ ਇਸ ਟੂਰਨਾਮੈਂਟ ਨਾਲ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰੇਗੀ। ਉਸ ਨੂੰ ਰੀਨਾ ਖੋਖਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ, ਜੋ ਸੱਟ ਲੱਗਣ ਕਾਰਨ ਬਾਹਰ ਚੱਲ ਰਹੀ ਹੈ।
ਅਨੁਭਵੀ ਗੋਲਕੀਪਰ ਸਵਿਤਾ ਅਤੇ ਰਜਨੀ ਇਤੀਮਾਰਪੂ ਭਾਰਤੀ ਗੋਲ ਪੋਸਟ ਦੀ ਰਾਖੀ ਕਰਨਗੀਆਂ, ਜਦੋਂਕਿ ਦੀਪ ਗਰੇਸ ਏਕਾ, ਨਿਸ਼ਾ, ਗੁਰਜੀਤ ਕੌਰ, ਸਲੀਮਾ ਟੇਟੇ ਅਤੇ ਸੁਨੀਤਾ ਲਾਕੜਾ ਨੂੰ ਟੀਮ ਵਿੱਚ ਡਿਫੈਂਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੋਨਿਕਾ, ਨਿੱਕੀ ਪ੍ਰਧਾਨ, ਲਿਲਿਮਾ ਮਿੰਜ਼, ਨੇਹਾ ਗੋਇਲ ਅਤੇ ਸੁਸ਼ੀਲਾ ਚਾਨੂ ਪੁਖਰੰਬਮ ਨੂੰ ਮਿਡਫੀਲਡਰ ਅਤੇ ਰਾਣੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਲਾਲਰੇਮਸਿਆਮੀ ਅਤੇ ਜੋਤੀ ਨੂੰ ਫਾਰਵਰਡ ਵਿੱਚ ਰੱਖਿਆ ਗਿਆ ਹੈ।
ਮੁੱਖ ਕੋਚ ਸਯੋਰਡ ਮਾਰੀਨ ਨੇ ਕਿਹਾ, ‘‘ਸਾਡੇ ਕੋਲ ਨਵੇਂ ਅਤੇ ਤਜਰਬੇਕਾਰ ਖਿਡਾਰਨਾਂ ਦੀ ਵਧੀਆ ਸੰਤੁਲਿਤ ਟੀਮ ਹੈ। ਨਿਸ਼ਾ ਨੂੰ ਜ਼ਖ਼ਮੀ ਹੋਈ ਰੀਨਾ ਖੋਖਰ ਦੀ ਥਾਂ ਮਿੱਡਫੀਲਡ ਵਿੱਚ ਰੱਖਿਆ ਗਿਆ ਹੈ ਅਤੇ ਸਿਖਲਾਈ ਦੌਰਾਨ ਉਸ ਨੇ ਵਿਖਾ ਦਿੱਤਾ ਕਿ ਉਹ ਇਸ ਪੁਜ਼ੀਸ਼ਨ ਦੇ ਸਮਰੱਥ ਹੈ। ਟੀਮ ਨੂੰ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਰਹੇਗੀ। ਇਸ ਟੂਰਨਾਮੈਂਟ ਨਾਲ ਉਹ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ ਅਤੇ ਮੇਰਾ ਮੰਨਣਾ ਹੈ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰੇਗੀ।’’
ਭਾਰਤੀ ਟੀਮ ਨੂੰ ਟੂਰਨਾਮੈਂਟ ਦੇ ਪੂਲ ‘ਏ’ ਵਿੱਚ ਪੋਲੈਂਡ, ਉਰੂਗੁਏ ਅਤੇ ਫਿਜੀ ਨਾਲ ਰੱਖਿਆ ਗਿਆ ਹੈ। ਉਸ ਦਾ ਸ਼ੁਰੂਆਤੀ ਮੈਚ ਉਰੂਗੁਏ ਨਾਲ ਹੋਵੇਗਾ। ਪੂਲ ‘ਬੀ’ ਵਿੱਚ 18ਵੀਆਂ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜੇਤੂ ਜਾਪਾਨ ਤੋਂ ਇਲਾਵਾ ਚਿੱਲੀ, ਰੂਸ ਅਤੇ ਮੈਕਸਿਕੋ ਹੋਣਗੇ। ਮਰੀਨ ਨੇ ਕਿਹਾ, ‘‘ਸਪੇਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੇ ਦੌਰਿਆਂ ਦੌਰਾਨ ਵੰਨ-ਸੁਵੰਨੀਆਂ ਸ਼ੈਲੀਆਂ ਖ਼ਿਲਾਫ਼ ਖੇਡ ਕੇ ਸਾਡੀ ਟੀਮ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਸਾਡਾ ਧਿਆਨ ਹੁਣ ਉਰੂਗੁਏ ਖ਼ਿਲਾਫ਼ ਚੰਗੀ ਸ਼ੁਰੂਆਤ ਕਰਨ ’ਤੇ ਕੇਂਦਰਿਤ ਹੈ।’’
ਭਾਰਤੀ ਟੀਮ: ਗੋਲਕੀਪਰ: ਸਵਿਤਾ (ਉਪ ਕਪਤਾਨ), ਰਜਨੀ ਇਤੀਮਾਰਪੂ। ਡਿਫੈਂਡਰ: ਦੀਪ ਗਰੇਸ ਏਕਾ, ਨਿਸ਼ਾ, ਗੁਰਜੀਤ ਕੌਰ, ਸਲੀਮਾ ਟੇਟੇ, ਸੁਨੀਤਾ ਲਾਕੜਾ। ਮਿਡਫੀਲਡਰ: ਮੋਨਿਕਾ, ਨਿੱਕੀ ਪ੍ਰਧਾਨ, ਲਿਲਿਮਾ ਮਿੰਜ਼, ਨੇਹਾ ਗੋਇਲ, ਸੁਸ਼ੀਲਾ ਚਾਨੂ ਪੁਖਰੰਬਮ, ਫਾਰਵਰਡ: ਰਾਣੀ ਰਾਮਪਾਲ (ਕਪਤਾਨ), ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਲਾਲਰੇਮਸਿਆਮੀ, ਜੋਤੀ।