ਜੋਹੋਰ ਬਾਰੂ (ਮਲੇਸ਼ੀਆ), 15 ਅਕਤੂਬਰ
ਸੰਜੇ ਦੇ ਦੋ ਗੋਲਾਂ ਅਤੇ ਹੋਰ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਜੂਨੀਅਰ ਹਾਕੀ ਟੀਮ ਨੇ ਸੁਲਤਾਨ ਜੋਹੋਰ ਕੱਪ ਵਿੱਚ ਅੱਜ ਇੱਥੇ ਨਿਊਜ਼ੀਲੈਂਡ ’ਤੇ 8-2 ਗੋਲਾਂ ਨਾਲ ਵੱਡੀ ਜਿੱਤ ਦਰਜ ਕੀਤੀ। ਸੰਜੇ ਨੇ 17ਵੇਂ ਅਤੇ 22ਵੇਂ ਮਿੰਟ ਵਿੱਚ ਗੋਲ ਕੀਤੇ। ਉਸ ਤੋਂ ਇਲਾਵਾ ਦਿਲਪ੍ਰੀਤ ਸਿੰਘ ਸਿੰਘ (ਛੇਵੇਂ ਮਿੰਟ), ਸ਼ਿਲਾਨੰਦ ਲਾਕੜਾ (14ਵੇਂ ਮਿੰਟ), ਮਨਦੀਪ ਮੋਰ (22ਵੇਂ ਮਿੰਟ), ਸੁਮਨ ਬੈੱਕ (45ਵੇਂ ਮਿੰਟ), ਪ੍ਰਤਾਪ ਲਾਕੜਾ (50ਵੇਂ ਮਿੰਟ) ਅਤੇ ਸੁਦੀਪ ਚਿਰਮਾਕੋ (51ਵੇਂ ਮਿੰਟ) ਨੇ ਜਿੱਤ ਵਿੱਚ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਦੋਵੇਂ ਗੋਲ ਡਾਇਲਨ ਥੌਮਸ (28ਵੇਂ, 44ਵੇਂ ਮਿੰਟ) ਨੇ ਕੀਤੇ।
ਭਾਰਤ ਦੀ ਟੂਰਨਾਮੈਂਟ ਵਿੱਚ ਇਹ ਦੂਜੀ ਜਿੱਤ ਹੈ। ਉਸ ਨੇ ਪਹਿਲੇ ਮੈਚ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 4-2 ਗੋਲਾਂ ਨਾਲ ਸ਼ਿਕਸਤ ਦਿੱਤੀ ਸੀ। ਰਾਊਂਡ ਰੌਬਿਨ ਟੂਰਨਾਮੈਂਟ ਵਿੱਚ ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਜਾਪਾਨ ਨਾਲ ਹੋਵੇਗਾ।
ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਉਸ ਨੂੰ ਦੂਜੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਨਿਊਜ਼ੀਲੈਂਡ ਨੇ ਉਸ ਨੂੰ ਬਚਾ ਲਿਆ। ਇਸ ਮਗਰੋਂ ਦਿਲਪ੍ਰੀਤ ਨੇ ਛੇਤੀ ਹੀ ਮੈਦਾਨੀ ਗੋਲ ਦਾਗ਼ ਕੇ ਭਾਰਤ ਦਾ ਖਾਤਾ ਖੋਲ੍ਹਿਆ। ਭਾਰਤੀ ਟੀਮ ਨੇ ਲਗਾਤਾਰ ਦਬਾਅ ਬਣਾਈ ਰੱਖਿਆ ਅਤੇ ਇਸ ਦਾ ਫ਼ਾਇਦਾ ਉਠਾਉਂਦਿਆਂ ਸ਼ਿਲਾਨੰਦ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਦੁੱਗਣਾ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਤੀਜਾ ਗੋਲ ਵੀ ਦਾਗ਼ ਦਿੱਤਾ। ਨਿਊਜ਼ੀਲੈਂਡ ਨੇ ਇਸ ਦੇ ਤੁਰੰਤ ਮਗਰੋਂ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਭਾਰਤੀ ਡਿਫੈਂਡਰਾਂ ਸਾਹਮਣੇ ਉਸ ਦੀ ਇੱਕ ਨਾ ਚੱਲੀ। ਕਪਤਾਨ ਮਨਦੀਪ ਮੋਰ ਨੇ 20ਵੇਂ ਮਿੰਟ ਵਿੱਚ ਚੌਥਾ ਗੋਲ ਕੀਤਾ। ਇਸ ਦੇ ਦੋ ਮਿੰਟ ਮਗਰੋਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਸੰਜੇ ਨੇ ਗੋਲ ਵਿੱਚ ਬਦਲ ਦਿੱਤਾ।
ਥੌਮਸ ਨੇ ਅਖ਼ੀਰ ਵਿੱਚ ਨਿਊਜ਼ੀਲੈਂਡ ਦਾ ਖਾਤਾ ਖੋਲ੍ਹਿਆ, ਪਰ ਭਾਰਤੀ ਟੀਮ ਹਾਫ਼ ਤੱਕ 5-1 ਦੀ ਲੀਡ ਨਾਲ ਸ਼ਾਨਦਾਰ ਸਥਿਤੀ ਵਿੱਚ ਸੀ। ਨਿਊਜ਼ੀਲੈਂਡ ਨੇ ਤੀਜੇ ਕੁਆਰਟਰ ਵਿੱਚ ਕੁੱਝ ਚੰਗੇ ਯਤਨ ਕੀਤੇ ਅਤੇ ਥੌਮਸ ਨੇ ਇੱਕ ਹੋਰ ਗੋਲ ਦਾਗ਼ ਕੇ ਫ਼ਰਕ ਨੂੰ ਕੁੱਝ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਹਾਲਾਂਕਿ ਜਵਾਬੀ ਹਮਲਾ ਕਰਕੇ ਅਗਲੇ ਹੀ ਮਿੰਟ ਵਿੱਚ ਮੁੜ ਤੋਂ ਇੱਕ ਹੋਰ ਗੋਲ ਦਾਗ਼ ਦਿੱਤਾ। ਸੁਮਨ ਬੈੱਕ ਨੇ 45ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਦਾ ਸਕੋਰ 6-2 ਗੋਲ ਕਰ ਦਿੱਤਾ। ਸੱਤਵੇਂ ਗੋਲ ਲਈ ਭਾਰਤ ਨੂੰ ਪੈਨਲਟੀ ਸਟ੍ਰੋਕ ਵੀ ਮਿਲਿਆ, ਪਰ ਨਿਊਜ਼ੀਲੈਂਡ ਦੇ ਗੋਲਚੀ ਨੇ ਇਸ ਨੂੰ ਸਫ਼ਲ ਨਹੀਂ ਹੋਣ ਦਿੱਤਾ। ਇਸ ਮਗਰੋਂ ਪ੍ਰਤਾਪ ਲਾਕੜਾ ਨੇ 50ਵੇਂ ਮਿੰਟ ਸੱਤਵਾਂ ਅਤੇ ਇੱਕ ਮਿੰਟ ਮਗਰੋਂ ਸੁਦੀਪ ਚਿਰਮਾਕੋ ਨੇ ਅੱਠਵਾਂ ਗੋਲ ਕੀਤਾ ਅਤੇ ਭਾਰਤ ਨੂੰ 8-2 ਗੋਲਾਂ ਨਾਲ ਜਿੱਤ ਦਿਵਾਈ।