ਐਸ.ਏ.ਐਸ.ਨਗਰ(ਮੁਹਾਲੀ), ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਨਾਬਾਦ ਨੀਮ ਸੈਂਕੜੇ (72 ਦੌੜਾਂ) ਅਤੇ ਸ਼ਿਖਰ ਧਵਨ ਦੀਆਂ 40 ਦੌੜਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਤੋਂ ਦੂਜਾ ਟੀ-20 ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ ਸਨ।
ਦੱਖਣੀ ਅਫਰੀਕਾ ਲਈ ਕਪਤਾਨ ਤੇ ਵਿਕਟਕੀਪਰ ਕੁਇੰਟਨ ਡੀਕਾਕ ਤੇ ਤੈਂਬਾ ਬਾਵੁਮਾ ਨੇ ਕ੍ਰਮਵਾਰ 52 ਤੇ 49 ਦੌੜਾਂ ਦਾ ਯੋਗਦਾਨ ਪਾਇਆ। ਇਸ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 19 ਓਵਰਾਂ ਵਿੱਚ 151 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਦੌਰਾਨ ਭਾਰਤ ਨੇ ਤਿੰਨ ਵਿਕਟਾਂ ਗੁਆਈਆਂ। ਸ਼੍ਰੇਅਸ ਅਈਅਰ 16 ਦੌੜਾਂ ਨਾਲ ਨਾਬਾਦ ਰਿਹਾ। ਰਿਸ਼ਭ ਪੰਤ ਨੇ ਚਾਰ ਅਤੇ ਰੋਹਿਤ ਸ਼ਰਮਾ ਨੇ 12 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਅੰਡਿਲੇ ਫੈਲੀਕਵਾਓ, ਤਬਰੇਜ਼ ਸ਼ਾਮਸੀ ਤੇ ਜੌਰਨ ਫੌਰਟੁਨ ਨੇ ਇੱਕ-ਇੱਕ ਵਿਕਟ ਲਈ। ਇਸ ਜਿੱਤ ਨਾਲ ਭਾਰਤ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੋ ਗਿਆ ਹੈ। ਧਰਮਸ਼ਾਲਾ ਵਿੱਚ ਖੇਡਿਆ ਲੜੀ ਦਾ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ।
ਰੋਹਿਤ ਸ਼ਰਮਾ ਅਤੇ ਸਿਖ਼ਰ ਧਵਨ ਨੇ ਭਾਰਤੀ ਪਾਰੀ ਦੀ ਸ਼ੁਰੂਆਤ ਕੀਤੀ। ਚੌਥੇ ਓਵਰ ਦੀ ਪੰਜਵੀਂ ਗੇਂਦ ਉੱਤੇ 33 ਦੇ ਸਕੋਰ ਤੇ ਭਾਰਤ ਦੀ ਪਹਿਲੀ ਵਿਕਟ ਡਿੱਗੀ। ਫੈਲਿਕਵਾਓ ਨੇ ਰੋਹਿਤ ਸ਼ਰਮਾ ਨੂੰ ਆਊਟ ਕੀਤਾ। ਉਨ੍ਹਾਂ 12 ਗੇਂਦਾਂ ਉੱਤੇ 12 ਦੌੜਾਂ ਬਣਾਈਆਂ। ਇਸ ਮਗਰੋਂ ਕਪਤਾਨ ਵਿਰਾਟ ਕੋਹਲੀ ਤੇ ਸਿਖ਼ਰ ਧਵਨ ਨੇ ਮਿਲਕੇ ਪਾਰੀ ਨੂੰ ਅੱਗੇ ਵਧਾਇਆ ਤੇ ਦੂਜੀ ਵਿਕਟ ਦੀ ਸਾਂਝੇਦਾਰੀ ਵਿੱਚ 61 ਦੌੜਾਂ ਜੋੜੀਆਂ।