ਅਹਿਮਦਾਬਾਦ, 25 ਫਰਵਰੀ

ਭਾਰਤ ਨੇ ਇੰਗਲੈਂਡ ਨੂੰ ਤੀਜੇ ਟੈਸਟ ਮੈਚ ਵਿੱਚ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਦੇ ਦੂਜੇ ਦਿਨੀ ਹੀ ਜਿੱਤ ਹਾਸਲ ਕਰਦਿਆਂ ਭਾਰਤ ਲੜੀ ਵਿਚ 2-1 ਨਾਲ ਅੱਗੇ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਦੁਪਹਿਰ ਭਾਰਤ ਟੀਮ ਪਹਿਲੀ ਪਾਰੀ ’ਚ 145 ਦੌੜਾਂ ’ਤੇ ਆਊਟ ਹੋ ਗਈ।  ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਅੱਜ ਗੇਂਦਬਾਜ਼ੀ ਵਿਚ ਕਮਾਲ ਦਿਖਾਉਂਦਿਆਂ 8 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਭਾਰਤ ਨੂੰ ਪਹਿਲੀ ਪਾਰੀ ’ਚ 33 ਦੌੜਾਂ ਦੀ ਲੀਡ ਮਿਲੀ ਸੀ। ਇਸ ਮਗਰੋਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ ਭਾਰਤੀ ਸਪਿਨ ਗੇਂਦਬਾਜ਼ਾਂ ਅੱਗੇ ਗੋਡੇ ਟੇਕਦਿਆਂ ਸਿਰਫ਼ 81 ਦੌੜਾਂ ’ਤੇ ਆਊਟ ਹੋ ਗਈ। ਦੂਜੀ ਪਾਰੀ ’ਚ ਭਾਰਤ ਵੱਲੋਂ ਅਕਸ਼ਰ ਪਟੇਲ ਨੇ ਪੰਜ ਜਦਕਿ ਰਵੀਚੰਦਰਨ ਅਸ਼ਵਿਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 112 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਦੇ ਆਧਾਰ ’ਤੇ ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 49 ਦੌੜਾਂ ਦਾ ਟੀਚਾ ਦਿੱਤਾ, ਜੋ ਭਾਰਤ ਨੇ ਬਿਨਾਂ ਵਿਕਟ ਗੁਆਏ ਹਾਸਲ ਕਰ ਲਿਆ। ਦੂਜੀ ਪਾਰੀ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 25 ਅਤੇ ਸ਼ੁਭਮਨ ਗਿੱਲ 15 ਦੌੜਾਂ ਬਣਾ ਅਜੇਤੂ ਰਹੇ। ਇਸ ਜਿੱਤ ਨਾਲ ਭਾਰਤ ਦੇ ਵਿਸ਼ਵ ਟੈਸਟ ਮੈਚ ਦੇ ਫਾਈਨਲ ਵਿਚ ਪੁੱਜਣ ਦੇ ਆਸਾਰ ਬਣ ਗਏ ਹਨ। ਮੈਚ ਵਿੱਚ 11 ਵਿਕਟਾਂ ਹਾਸਲ ਕਰਨ ਵਾਲੇ ਸਪਿਨ ਗੇਂਦਬਾਜ ਅਕਸ਼ਰ ਪਟੇਲ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਇਸੇ ਦੌਰਾਨ ਭਾਰਤੀ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਨੇ ਟੈਸਟ ਮੈਚਾਂ ਵਿੱਚ ਆਪਣੀਆਂ 40 ਵਿਕਟਾਂ ਪੂਰੀਆਂ ਕੀਤੀਆਂ। ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਦੁਨੀਆਂ ਦਾ ਛੇਵਾਂ ਸਪਿਨ ਗੇਂਦਬਾਜ਼ ਬਣ ਗਿਆ ਹੈ।