ਸਿਡਨੀ, 7 ਦਸੰਬਰ
ਭਾਰਤ ਨੇ ਆਸਟਰੇਲੀਆ ਤੋਂ ਟੀ-20 ਲੜੀ ਜਿੱਤ ਲਈ ਹੈ। ਤਿੰਨ ਮੈਚਾਂ ਦੀ ਲੜੀ ਦੇ ਦੂਜੇ ਮੈਚ ’ਚ ਭਾਰਤੀ ਟੀਮ ਨੇ ਆਸਟਰੇਲੀਆ ਵੱਲੋਂ ਮਿਲਿਆ 195 ਦੌੜਾਂ ਦਾ ਟੀਚਾ 4 ਵਿਕਟਾਂ ਗੁਆ ਕੇ 19.4 ਓਵਰਾਂ ’ਚ ਸਰ ਕਰਦਿਆਂ ਮੇਜ਼ਬਾਨ ਟੀਮ ਨੂੰ 6 ਵਿਕਟਾਂ ਨਾਲ ਮਾਤ ਦਿੱਤੀ।
ਟੀਚੇ ਦਾ ਪਿੱਛਾ ਕਰਦਿਆਂ ਸਲਾਮੀ ਬੱਲੇਬਾਜ਼ਾਂ ਕੇ.ਐੱਲ. ਰਾਹੁਲ ਅਤੇ ਸ਼ਿਖਰ ਧਵਨ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਧਵਨ ਨੇ ਅਰਧ ਸੈਂਕੜਾ (52 ਦੌੜਾਂ) ਬਣਾਇਆ ਜਦਕਿ ਰਾਹੁਲ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਵਿਰਾਟ ਕੋਹਲੀ ਨੇ 40 ਅਤੇ ਸੰਜੂ ਸੈਮਸਨ ਨੇ 15 ਦੌੜਾਂ ਬਣਾਈਆਂ। ਹਰਫਨਮੌਲਾ ਹਾਰਦਿਕ ਪਾਂਡਿਆਂ ਨੇ ਆਖਰੀ ਓਵਰਾਂ ’ਚ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਅਤੇ 22 ਗੇਂਦਾਂ ’ਤੇ ਨਾਬਾਦ 42 ਦੌੜਾਂ ਬਣਾਉਂਦਿਆਂ ਭਾਰਤੀ ਟੀਮ ਨੂੰ ਮੈਚ ਅਤੇ ਲੜੀ ਜਿਤਾ ਦਿੱਤੀ। ਸ਼੍ਰੇਅਸ ਅਈਅਰ ਨੇ 12 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਆਸਟਰੇਲੀਆ ਵਿੱਚ ਟੀ-20 ਮੈਚਾਂ ’ਚ ਸਰ ਕੀਤਾ ਗਿਆ ਇਹ ਦੂਜਾ ਸਭ ਤੋਂ ਵੱਡਾ ਟੀਚਾ ਹੈ ਅਤੇ ਟੀ-20 ਮੈਚਾਂ ’ਚ ਭਾਰਤ ਦੀ ਵਿਦੇਸ਼ੀ ਮੈਦਾਨਾਂ ’ਤੇ ਲਗਾਤਾਰ ਦਸਵੀਂ ਜਿੱਤ ਹੈ।
ਇਸ ਤੋਂ ਪਹਿਲਾਂ ਟਾਸ ਹਾਰਨ ਮਗਰੋਂ ਸੱਦਾ ਮਿਲਣ ’ਤੇ ਬੱਲੇਬਾਜ਼ੀ ਕਰਨ ਆਈ ਆਸਟਰੇਲਿਆਈ ਟੀਮ ਨੇ 20 ਓਵਰਾਂ ’ਚ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਇਸ ਵਿੱਚ ਮੈਥਿਊ ਵੇਡ ਨੇ 58, ਸਟੀਵਨ ਸਮਿਥ 46, ਗਲੇਨ ਮੈਕਸਵੈੱਲ 26 ਅਤੇ ਮਾਰਕਸ ਸਟੋਇਨਸ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਹਾਰਦਿਕ ਪਾਂਡਿਆ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।