ਦੇਇਗੂ (ਦੱਖਣੀ ਕੋਰੀਆ), 18 ਨਵੰਬਰ

ਭਾਰਤੀ ਨਿਸ਼ਾਨੇਬਾਜ਼ਾਂ ਮਨੂ ਭਾਕਰ ਤੇ ਸਮਰਾਟ ਰਾਣਾ ਅਤੇ ਰਿਦਮ ਸਾਂਗਵਾਨ ਤੇ ਵਿਜੈਵੀਰ ਸਿੱਧੂ ਨੇ ਦੇਇਗੂ ਵਿੱਚ 15ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਦੇ ਅੱਜ ਆਖ਼ਰੀ ਦਿਨ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਕ੍ਰਮਵਾਰ ਜੂਨੀਅਰ ਅਤੇ ਸੀਨੀਅਰ ਮੁਕਾਬਲਿਆਂ ਵਿੱਚ ਦੋ ਸੋਨ ਤਗ਼ਮੇ ਜਿੱਤੇ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਦਬਦਬਾ ਬਣਾਉਂਦਿਆਂ 28 ਵਿੱਚੋਂ ਕੁੱਲ 25 ਸੋਨ ਤਗ਼ਮੇ ਜਿੱਤੇ ਹਨ। ਰਿਦਮ ਸਾਂਗਵਾਨ ਅਤੇ ਵਿਜੈਵੀਰ ਸਿੱਧੂ ਨੇ ਏਅਰ ਪਿਸਟਲ ਮਿਸਕਡ ਟੀਮ ਦੇ ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਵਲੇਰੀ ਰਾਖਿਮਜ਼ਾਨ ਅਤੇ ਇਰੀਨਾ ਯੂਨੁਸਮੇਤੋਵਾ ਨੂੰ 17-3 ਨਾਲ ਹਰਾਇਆ। ਇਸੇ ਤਰ੍ਹਾਂ ਜੂਨੀਅਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਮਨੂ ਭਾਕਰ ਅਤੇ ਸਮਰਾਟ ਰਾਣਾ ਨੇ ਉਜ਼ਬੇਕਿਸਤਾਨ ਦੀ ਜੋੜੀ ਨੂੰ 17-3 ਨਾਲ ਸ਼ਿਕਸਤ ਦਿੱਤੀ।