ਬੰਗਲੌਰ, 20 ਜਨਵਰੀ
ਮੁਹੰਮਦ ਸ਼ਮੀ ਦੇ ਸ਼ਾਨਦਾਰ ਗੇਂਦਬਾਜ਼ੀ ਅਤੇ ਫਿਰ ਰੋਹਿਤ ਸ਼ਰਮਾ ਦੇ ਸੈਂਕੜੇ ਅਤੇ ਵਿਰਾਟ ਕੋਹਲੀ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਫੈਸਲਾਕੁਨ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਆਸਟਰੇਲੀਆ ਨੇ ਮੁੰਬਈ ਵਿੱਚ ਪਹਿਲਾ ਮੈਚ ਦਸ ਵਿਕਟਾਂ ਨਾਲ ਜਿੱਤਿਆ ਸੀ, ਪਰ ਭਾਰਤ ਨੇ ਰਾਜਕੋਟ ਵਿੱਚ 36 ਦੌੜਾਂ ਨਾਲ ਜਿੱਤ ਦਰਜ ਕਰ ਕੇ ਲੜੀ 1-1 ਨਾਲ ਬਰਾਬਰ ਕਰ ਲਈ ਸੀ। ਰੋਹਿਤ (128 ਗੇਂਦਾਂ ’ਚ 119 ਦੌੜਾਂ) ਨੂੰ ‘ਮੈਨ ਆਫ ਦਿ ਮੈਚ’ ਅਤੇ ਕਪਤਾਨ ਵਿਰਾਟ ਕੋਹਲੀ (91 ਗੇਂਦਾਂ ’ਤੇ 89 ਦੌੜਾਂ) ਨੂੰ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।
ਇਸ ਤੋਂ ਪਹਿਲਾਂ ਸਟੀਵ ਸਮਿੱਥ ਦੇ ਨੌਵੇਂ ਇੱਕ ਰੋਜ਼ਾ ਸੈਂਕੜੇ ਦੇ ਬਾਵਜੂਦ ਭਾਰਤ ਨੇ ਆਖ਼ਰੀ ਦਸ ਓਵਰਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਆਸਟਰੇਲੀਆ ਨੂੰ ਨੌਂ ਵਿਕਟਾਂ ’ਤੇ 286 ਦੌੜਾਂ ਹੀ ਬਣਾਉਣ ਦਿੱਤੀਆਂ। ਫਿਰ ਜਵਾਬ ਵਿੱਚ 15 ਦੌੜਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ। ਲੈਅ ਵਿੱਚ ਚੱਲ ਰਹੇ ਕੇਐੱਲ ਰਾਹੁਲ (19 ਦੌੜਾਂ) ਦੇ ਛੇਤੀ ਆਊਟ ਹੋਣ ਮਗਰੋਂ ਰੋਹਿਤ ਅਤੇ ਕੋਹਲੀ ਨੇ ਦੂਜੀ ਵਿਕਟ ਲਈ 137 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਜਿੱਤ ਦੇ ਰਾਹ ਪਾਇਆ। ਆਸਟਰੇਲਿਆਈ ਪਾਰੀ ਦੌਰਾਨ ਸ਼ਿਖਰ ਧਵਨ ਦੇ ਜ਼ਖ਼ਮੀ ਹੋਣ ਕਾਰਨ ਰਾਹੁਲ ਨੇ ਰੋਹਿਤ ਨਾਲ ਪਾਰੀ ਸ਼ੁਰੂ ਕੀਤੀ। ਸ਼੍ਰੇਅਸ ਅਈਅਰ 44 ਦੌੜਾਂ ਬਣਾ ਕੇ ਨਾਬਾਦ ਰਿਹਾ। ਮਨੀਸ਼ ਪਾਂਡੇ ਨੇ 48ਵੇਂ ਓਵਰ ਦੀ ਪਹਿਲੀ ਅਤੇ ਤੀਜੀ ਗੇਂਦ ’ਤੇ ਜੋਸ਼ ਹੇਜ਼ਲਵੁੱਡ ਨੂੰ ਚੌਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਤੀਜੇ ਮੈਚ ਵਿੱਚ ਸਮਿੱਥ ਨੇ 132 ਗੇਂਦਾਂ ਵਿੱਚ 131 ਦੌੜਾਂ ਬਣਾਈਆਂ, ਪਰ ਦੂਜੇ ਸਿਰੇ ਤੋਂ ਸਹਿਯੋਗ ਨਹੀਂ ਮਿਲ ਸਕਿਆ। ਉਸ ਤੋਂ ਇਲਾਵਾ ਮਾਰਨਸ ਲਾਬੂਸ਼ਾਨੇ ਨੇ 64 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਮੁਹੰਮਦ ਸ਼ਮੀ ਨੇ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟਾਂ ਲਈਆਂ। ਉਸ ਨੇ 63 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਰਵਿੰਡਰ ਜਡੇਜਾ ਨੇ ਦੋ ਅਤੇ ਨਵਦੀਪ ਸੈਣੀ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਆਸਟਰੇਲੀਆ ਨੇ ਆਖ਼ਰੀ ਦਸ ਓਵਰਾਂ ਵਿੱਚ 63 ਦੌੜਾਂ ਦੇ ਅੰਦਰ ਪੰਜ ਵਿਕਟਾਂ ਗੁਆਈਆਂ।
ਇਸ ਤੋਂ ਪਹਿਲਾਂ ਲਗਾਤਾਰ ਤੀਜੀ ਵਾਰ ਆਸਟਰੇਲੀਆ ਨੇ ਟਾਸ ਜਿੱਤਿਆ, ਪਰ ਇਸ ਵਾਰ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਕੋਹਲੀ ਨੇ ਪਿਛਲਾ ਮੈਚ ਜਿੱਤਣ ਵਾਲੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਹਾਲਾਂਕਿ ਰਿਸ਼ਭ ਪੰਤ ਚੋਣ ਲਈ ਉਪਲੱਬਧ ਸੀ। ਕੇਐੱਲ ਰਾਹੁਲ ਲਗਾਤਾਰ ਦੂਜੇ ਮੈਚ ਵਿੱਚ ਮਾਹਿਰ ਵਿਕਟਕੀਪਰ ਵਜੋਂ ਉਤਰਿਆ। ਆਸਟਰੇਲੀਆ ਨੇ ਲੈਅ ਵਿੱਚ ਚੱਲ ਰਹੇ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (ਤਿੰਨ ਦੌੜਾਂ) ਅਤੇ ਆਰੋਨ ਫਿੰਚ (19 ਦੌੜਾਂ) ਦੀਆਂ ਵਿਕਟਾਂ ਛੇਤੀ ਗੁਆ ਲਈਆਂ। ਸ਼ਮੀ ਨੇ ਵਾਰਨਰ ਨੂੰ ਬਾਹਰ ਜਾਂਦੀ ਬਿਹਤਰੀਨ ਗੇਂਦ ’ਤੇ ਪੈਵਿਲੀਅਨ ਭੇਜਿਆ। ਦੂਜੇ ਪਾਸੇ ਸਮਿੱਥ ਕਾਰਨ ਫਿੰਚ ਰਨ ਆਊਟ ਹੋਇਆ। ਉਸ ਨੇ ਕਪਤਾਨ ਨੂੰ ਦੌੜ ਲਈ ਬੁਲਾਇਆ, ਪਰ ਮਗਰੋਂ ਮਨ ਬਦਲ ਲਿਆ। ਆਮ ਤੌਰ ’ਤੇ ਸ਼ਾਂਤ ਸੁਭਾਅ ਦਾ ਫਿੰਚ ਗੁੱਸੇ ਵਿੱਚ ਬੁੜਬੜਾਉਂਦਿਆਂ ਡਰੈਸਿੰਗ ਰੂਮ ਵੱਲ ਚਲਾ ਗਿਆ।
ਸਮਿੱਥ ਅਤੇ ਲਾਬੂਸ਼ਾਨੇ ਦੀ ਬਦੌਲਤ ਪਹਿਲੇ ਪਾਵਰ-ਪਲੇਅ ਵਿੱਚ ਆਸਟਰੇਲੀਆ ਨੇ ਦੋ ਵਿਕਟਾਂ ’ਤੇ 56 ਦੌੜਾਂ ਬਣਾਈਆਂ। ਦੋਵਾਂ ਨੇ 127 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਲਾਬੂਸ਼ਾਨੇ ਨੇ ਆਪਣਾ ਨੀਮ-ਸੈਂਕੜਾ ਪੂਰਾ ਕੀਤਾ। ਉਹ ਵੱਡੀ ਪਾਰੀ ਵੱਲ ਵਧ ਰਹੇ ਸਨ, ਪਰ ਵਿਰਾਟ ਕੋਹਲੀ ਨੇ ਡਾਈਵ ਮਾਰ ਕੇ ਉਸ ਦਾ ਸ਼ਾਨਦਾਰ ਕੈਚ ਲਿਆ। ਰਵਿੰਦਰ ਜਡੇਜਾ ਨੇ ਲਾਬੂਸ਼ਾਨੇ ਮਗਰੋਂ ਇਸੇ ਓਵਰ ਵਿੱਚ ਮਿਸ਼ੇਲ ਸਟਾਰਕ ਵਜੋਂ ਦੂਜੀ ਵਿਕਟ ਲਈ, ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਆਸਟਰੇਲੀਆ ਦਾ ਸਕੋਰ ਇਸ ਸਮੇਂ 32 ਓਵਰਾਂ ਵਿੱਚ ਚਾਰ ਵਿਕਟਾਂ ’ਤੇ 173 ਦੌੜਾਂ ਸੀ।