ਲੰਡਨ, 29 ਜੂਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਭਾਰਤ ਨਾਲ ‘ਅਭਿਲਾਸ਼ੀ’ ਮੁਕਤ ਵਪਾਰ ਸਮਝੌਤਾ (ਐੱਫਟੀਏ) ਕਰਨ ਦਾ ਆਪਣਾ ਅਹਿਦ ਦੁਹਰਾਉਂਦਿਆਂ ਸਤੰਬਰ ’ਚ ਤਜਵੀਜ਼ਤ ਜੀ-20 ਸਿਖਰ ਸੰਮੇਲਨ ਲਈ ਭਾਰਤ ਜਾਣ ਦੀ ਸੰਭਾਵਨਾ ਜਤਾਈ ਹੈ।
ਸੂਨਕ ਨੇ ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ‘10 ਡਾਊਨਿੰਗ ਸਟਰੀਟ’ ’ਚ ਹੋਏ ‘ਬ੍ਰਿਟੇਨ-ਭਾਰਤ ਹਫ਼ਤੇ 2023’ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਦੇ ਕਾਰੋਬਾਰੀ ਰਿਸ਼ਤੇ ਵਧਾਉਣ ਦੀ ਵਿਆਪਕ ਸੰਭਾਵਨਾ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਪਿਛਲੇ ਸਾਲ ਜਨਵਰੀ ਤੋਂ ਹੀ ਗੱਲਬਾਤ ਚੱਲ ਰਹੀ ਹੈ। ਅਜੇ ਤੱਕ ਦੋਵੇਂ ਮੁਲਕਾਂ ਵਿਚਕਾਰ 10 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਅਤੇ 11ਵਾਂ ਦੌਰ ਅਗਲੇ ਮਹੀਨੇ ਹੋਣ ਵਾਲਾ ਹੈ। ਪਤਨੀ ਅਕਸ਼ਿਤਾ ਮੂਰਤੀ ਨਾਲ ਹਾਜ਼ਰ ਪ੍ਰਧਾਨ ਮੰਤਰੀ ਨੇ ਮਜ਼ਾਹੀਆ ਅੰਦਾਜ਼ ’ਚ ਕਿਹਾ ਕਿ ਇਹ ਪਾਰਟੀ ਉਨ੍ਹਾਂ ਦੀ ਸੱਸ ਸੁਧਾ ਮੂਰਤੀ ਦੇ ਸਨਮਾਨ ’ਚ ਵੀ ਹੈ ਜੋ ਭਾਰਤ ਤੋਂ ਉਚੇਚੇ ਤੌਰ ’ਤੇ ਇਥੇ ਆਈ ਹੈ। ਸਮਾਗਮ ਦੌਰਾਨ ਸ੍ਰੀ ਸੂਨਕ ਨੇ ਉਥੇ ਹਾਜ਼ਰ ਮੁੱਕੇਬਾਜ਼ ਮੇਰੀ ਕੋਮ, ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਤੇ ਜ਼ਾਕਿਰ ਹੁਸੈਨ, ਬੌਲੀਵੁੱਡ ਅਦਾਕਾਰ ਸੋਨਮ ਕਪੂਰ ਅਤੇ ਵਿਵੇਕ ਓਬਰਾਏ ਨਾਲ ਵੀ ਗੱਲਬਾਤ ਕੀਤੀ।