ਕੋਲੰਬੋ, 14 ਮਈ
ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਭਾਰਤ ਨਾਲ ਨੇੜਲੇ ਸਬੰਧ ਬਣਾਉਣਾ ਚਾਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ ਆਰਥਿਕ ਸੰਕਟ ਨਾਲ ਨਜਿੱਠਣ ਲਈ ਆਰਥਿਕ ਮਦਦ ਵਾਸਤੇ ਭਾਰਤ ਦਾ ਧੰਨਵਾਦ ਕੀਤਾ ਹੈ।
ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਦੇ ਨੇਤਾ ਰਨਿਲ ਵਿਕਰਮਸਿੰਘੇ (73) ਨੇ ਦੇਸ਼ ਦੀ ਕਰਜ਼ ਨਾਲ ਦੱਬੀ ਅਰਥਵਿਵਸਥਾ ਨੂੰ ਸਥਿਰ ਕਰਨ ਅਤੇ ਰਾਜਨੀਤਕ ਉੱਥਲ-ਪੁਥਲ ਨੂੰ ਖਤਮ ਕਰਨ ਦੇ ਮਕਸਦ ਨਾਲ ਵੀਰਵਾਰ ਨੂੰ ਸ੍ਰੀਲੰਕਾ ਦੇ 26ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਸ੍ਰੀ ਵਿਕਰਮਸਿੰਘੇ ਨੇ ਸ੍ਰੀਲੰਕਾ ਦੀ ਭਾਰਤ ਵੱਲੋਂ ਕੀਤੀ ਮਦਦ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਂ ਨੇੜਲੇ ਸਬੰਧ ਚਾਹੁੰਦਾ ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’’ ਉਨ੍ਹਾਂ ਇਹ ਟਿੱਪਣੀਆਂ ਸਹੁੰ ਚੁੱਕਣ ਮਗਰੋਂ ਵੀਰਵਾਰ ਰਾਤ ਕਰਵਾਏ ਇੱਕ ਧਾਰਮਿਕ ਸਮਾਗਮ ਦੌਰਾਨ ਕੀਤੀਆਂ ਹਨ। ਦੱਸਣਯੋਗ ਹੈ ਕਿ ਭਾਰਤ ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਸ੍ਰੀਲੰਕਾ ਨੂੰ ਤਿੰਨ ਅਰਬ ਡਾਲਰ ਤੋਂ ਵੱਧ ਦਾ ਕਰਜ਼ ਦੇ ਚੁੱਕਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਆਰਥਿਕ ਸੰਕਟ ਨਾਲ ਨਜਿੱਠਣ ’ਤੇ ਕੇਂਦਰਤ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਸਮੱਸਿਆ ਨੂੰ ਸੁਲਝਾਉਣਾ ਚਾਹੁੰਦਾ ਹਾਂ ਤਾਂ ਕਿ ਪੈਟਰੋਲ, ਡੀਜ਼ਲ ਅਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ। ਮੈਂ ਜਿਸ ਕੰਮ ਦਾ ਅਹਿਦ ਕੀਤਾ ਹੈ, ਮੈਂ ਉਹ ਕਰਾਂਗਾ।’’ ਦੱਸਣਯੋਗ ਹੈ ਕਿ ਸ੍ਰੀਲੰਕਾ 1948 ਵਿੱਚ ਬਰਤਾਨੀਆ ਤੋਂ ਆਜ਼ਾਦੀ ਹਾਸਲ ਕਰਨ ਮਗਰੋਂ ਹੁਣ ਸਭ ਤੋਂ ਮਾੜੇ ਆਰਥਿਕ ਦੌਰ ਵਿਚੋਂ ਲੰਘ ਰਿਹਾ ਹੈ। ਇਹ ਪੁੱਛਣ ’ਤੇ ਕਿ ਕੀ ਉਹ ਸਿਰਫ ਇੱਕ ਸੀਟ ਦੇ ਹੁੰਦਿਆਂ 225 ਮੈਂਬਰੀ ਸੰਸਦ ਵਿੱਚ ਬਹੁਮਤ ਸਾਬਤ ਕਰ ਸਕਣਗੇ, ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਜਦੋਂ ਬਹੁਮਤ ਸਾਬਤ ਕਰਨ ਦੀ ਗੱਲ ਆਵੇਗੀ ਤਾਂ ਮੈਂ ਸਾਬਤ ਕਰਾਂਗਾਂ।’’ ਦੇਸ਼ ਵਿੱਚ ਇੱਕ ਮਹੀਨੇ ਤੋਂ ਚੱਲ ਰਹੇ ਪ੍ਰਦਰਸ਼ਨਾਂ ਸਬੰਧੀ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇ ਸਕੱਤਰੇਤ ਨੇੜੇ ਚੱਲ ਰਿਹਾ ਮੁੱਖ ਪ੍ਰਦਰਸ਼ਨ ਜਾਰੀ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘‘ਜੇਕਰ ਪ੍ਰਦਰਸ਼ਨਕਾਰੀ ਚਾਹੁਣਗੇ ਤਾਂ ਮੈਂ ਉਨ੍ਹਾਂ ਨਾਲ ਗੱਲ ਕਰਾਂਗਾ।’’ ਅਸਤੀਫ਼ੇ ਦੀ ਮੰਗ ਲਈ ਪ੍ਰਦਰਸ਼ਨ ਦੇ ਖਦਸ਼ੇ ਸਬੰਧੀ ਉਨ੍ਹਾਂ ਕਿ ਉਹ ਇਸ ਦਾ ਸਾਹਮਣਾ ਕਰਨਗੇ। ਵਿਕਰਮਸਿੰਘੇ ਨੇ ਕਿਹਾ, ‘‘ਜੇਕਰ ਮੈਂ ਆਰਥਿਕ ਸੰਕਟ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਚੁੱਕ ਸਕਦਾ ਹਾਂ ਤਾਂ ਇਸ ਨਾਲ ਵੀ ਨਜਿੱਠ ਸਕਦਾ ਹਾਂ।’’

ਇਸੇ ਦੌਰਾਨ ਸ੍ਰੀਲੰਕਾ ਵਿੱਚ ਬਹੁਤੀਆਂ ਵਿਰੋਧੀ ਪਾਰਟੀਆਂ ਨੇ ਅੱਜ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੀ ਅੰਤਰਿਮ ਸਰਕਾਰ ਦਾ ਹਿੱਸਾ ਨਹੀਂ ਬਣਨਗੀਆਂ ਪਰ ਕਰਜ਼ ਵਿੱਚ ਡੁੱਬੇ ਦੇਸ਼ ਦੀ ਜਲਦੀ ਉਭਰਨ ਵਿੱਚ ਮਦਦ ਲਈ ਉਸ ਦੀਆਂ ਆਰਥਿਕ ਨੀਤੀਆਂ ਦਾ ਸਮਰਥਨ ਕਰਨਗੀਆਂ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇ ਐੱਸਐੱਲਪੀਪੀ ਵਿੱਚ ਸ਼ਾਮਲ ਆਜ਼ਾਦ ਕਾਨੂੰਨਘਾੜੇ ਵਿਮਲ ਵੀਰਵੰਸਾ ਨੇ ਕਿਹਾ, ‘‘ਅਸੀਂ ਇਸ ਰਾਜਪਕਸੇ-ਵਿਕਰਮਸਿੰਘੇ ਸਰਕਾਰ ਦਾ ਹਿੱਸਾ ਨਹੀਂ ਬਣ ਸਕਦੇ।’’ ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸ੍ਰੀਸੈਨਾ ਦੀ ਐੱਸਐੱਲਐੱਫ ਕੇਂਦਰੀ ਕਮੇਟੀ ਨੇ ਵੀ ਸਰਕਾਰ ਦਾ ਹਿੱਸਾ ਨਾਲ ਬਣਨ ਦਾ ਫ਼ੈਸਲਾ ਕੀਤਾ ਹੈ। ਮਾਰਕਸਵਾਦੀ ਜਨਤਾ ਵਿਮੁਕਤੀ ਪੇਰਾਮੁਨਾ (ਜੇਵੀਪੀ) ਨੇ ਵੀ ਕਿਹਾ ਕਿ ਉਹ ਸਰਕਾਰ ਦਾ ਹਿੱਸਾ ਨਹੀਂ ਬਣੇਗੀ, ਜਦਕਿ ਮੁੱਖ ਵਿਰੋਧੀ ਪਾਰਟੀ ਸਮਾਗੀ ਜਨਤਾ ਬਲਵੇਗਯਾ (ਐੱਸਜੇਬੀ) ਨੇ ਕਿਹਾ ਕਿ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਨੇਤਾ ਵਿਕਰਮਸਿੰਘੇ ਕੋਲ ਕੋਈ ਵੈਧਤਾ ਨਹੀਂ ਹੈ, ਕਿਉਂਕਿ ਉਹ 2020 ਦੀਆਂ ਸੰਸਦੀ ਚੋਣਾਂ ਵਿੱਚ ਨਹੀਂ ਚੁਣੇ ਗਏ ਸਨ।