ਲੰਡਨ, 19 ਨਵੰਬਰ
ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਅਗਲੀਆਂ ਗਰਮੀਆਂ (2021) ਲਈ ਘਰੇਲੂ ਸੈਸ਼ਨ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਭਾਰਤ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵਾਪਸ ਲਿਆਉਣ ਦੀ ਯੋਜਨਾ ਹੈ। ਭਾਰਤ ਖ਼ਿਲਾਫ਼ ਇਹ ਮੈਚ ਅਗਸਤ-ਸਤੰਬਰ ਵਿੱਚ ਖੇਡੇ ਜਾਣਗੇ। ਇੰਗਲੈਂਡ ਨੇ ਇਸ ਸਾਲ ਕੋਵਿਡ-19 ਮਹਾਮਾਰੀ ਦੌਰਾਨ ਦਰਸ਼ਕਾਂ ਦੀ ਗੈਰਮੌਜੂਦਗੀ ਵਿੱਚ ਵੈਸਟ ਇੰਡੀਜ਼ ਅਤੇ ਪਾਕਿਸਤਾਨ ਖ਼ਿਲਾਫ਼ ਵੱਖ-ਵੱਖ ਟੈਸਟ ਲੜੀਆਂ ਖੇਡੀਆਂ ਸਨ ਅਤੇ ਫਿਰ ਸੀਮਤ ਓਵਰਾਂ ਦੀਆਂ ਲੜੀਆਂ ਲਈ ਆਸਟਰੇਲੀਆ ਦੀ ਮੇਜ਼ਬਾਨੀ ਕੀਤੀ ਸੀ।
ਬੋਰਡ ਵੱਲੋਂ ਜਾਰੀ ਬਿਆਨ ਵਿੱਚ ਈਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਟੌਮ ਹੈਰੀਸਨ ਨੇ ਕਿਹਾ ਕਿ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਦੌਰਾਨ ਉਨ੍ਹਾਂ ਦੀ ਕੋਸ਼ਿਸ਼ ਦਰਸ਼ਕਾਂ ਨੂੰ ਮੈਦਾਨ ਵਿੱਚ ਵਾਪਸ ਲਿਆਉਣ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਅਗਲਾ ਸਾਲ ਹੋਰ ਵੀ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਇਸ ਸਾਲ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਖੇਡਣ ਨੂੰ ਮਿਲੇਗੀ। ਇਸ ਦੇ ਨਾਲ ਹੀ ਪੁਰਸ਼ ਅਤੇ ਮਹਿਲਾ ਟੀਮਾਂ ਨਾਲ ਸੀਮਤ ਓਵਰਾਂ ਦੇ ਕਈ ਮੈਚ ਖੇਡਣੇ ਹਨ।
ਭਾਰਤ ਖ਼ਿਲਾਫ਼ ਟੈਸਟ ਲੜੀ ਦਾ ਪਹਿਲਾ ਮੈਚ ਚਾਰ ਅਗਸਤ ਤੋਂ ਟ੍ਰੈਂਟ ਬਰਿੱਜ ਵਿੱਚ ਖੇਡਿਆ ਜਾਵੇਗਾ। ਅਗਲੇ ਮੁਕਾਬਲੇ ਲਾਡਰਜ਼, ਹੈਡਿੰਗਲੇ, ਦਿ ਓਵਲ ਵਿੱਚ ਹੋਣਗੇ, ਜਦਕਿ ਆਖ਼ਰੀ ਟੈਸਟ ਦਸ ਤੋਂ 14 ਸਤੰਬਰ ਤੱਕ ਮੈਨਚੈਸਟਰ ਦੇ ਓਲਡ ਟਰੈਫਰਡ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਪਿਛਲੇ ਇੰਗਲੈਂਡ ਦੌਰੇ ਦੌਰਾਨ 1-4 ਨਾਲ ਹਾਰ ਝੱਲਣੀ ਪਈ ਸੀ। ਭਾਰਤ ਖ਼ਿਲਾਫ਼ ਟੈਸਟ ਲੜੀ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਸ੍ਰੀਲੰਕਾ ਅਤੇ ਪਾਕਿਸਤਾਨ ਖ਼ਿਲਾਫ਼ ਸੀਮਤ ਓਵਰਾਂ ਦੀਆਂ ਘਰੇਲੂ ਲੜੀਆਂ ਖੇਡਣੀਆਂ ਹਨ। ਹੈਰੀਸਨ ਨੇ ਕਿਹਾ ਕਿ ਕਰੋਨਾ ਕਾਰਨ ਬੇਯਕੀਨੀ ਬਰਕਰਾਰ ਹੈ, ਪਰ ਉਮੀਦ ਹੈ ਕਿ ਅਗਲੇ ਸਾਲ ਸਟੇਡੀਅਮ ਵਿੱਚ ਦਰਸ਼ਕਾਂ ਦਾ ਸਵਾਗਤ ਕਰ ਸਕਾਂਗੇ।