ਸੋਲਨ/ਕਾਠਮੰਡੂ, 18 ਅਪਰੈਲ
ਰਿਕਾਰਡਧਾਰੀ ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਕੌਰ ਦੀ ਮਾਊਂਟ ਅੰਨਪੂਰਨਾ ਦੇ ਕੈਂਪ 4 ਨੇੜੇ ਸਿਖਰ ਸਥਾਨ ਤੋਂ ਉਤਰਦੇ ਸਮੇਂ ਲਾਪਤਾ ਹੋਣ ਤੋਂ ਇਕ ਦਿਨ ਬਾਅਦ ਜ਼ਿੰਦਾ ਮਿਲ ਗਈ। ਇਸ ਤੋਂ ਪਹਿਲਾਂ ਉਸ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਸਨ। ਭਾਰਤ ਦੇ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਇੱਕ ਹੋਰ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ (34) ਵੀ ਸੋਮਵਾਰ ਨੂੰ ਉਸੇ ਪਹਾੜ ਵਿੱਚ ਕੈਂਪ III ਤੋਂ ਉਤਰਦੇ ਸਮੇਂ 6,000 ਮੀਟਰ ਤੋਂ ਹੇਠਾਂ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਸ ਦੀ ਹਾਲੇ ਭਾਲ ਜਾਰੀ ਹੈ। ਬਲਜੀਤ ਕੌਰ ਨੇ 9 ਅਪਰੈਲ ਨੂੰ ਟਵਿੱਟਰ ‘ਤੇ ਫੋਟੋ ਪੋਸਟ ਕੀਤੀ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਉਹ ਅੰਨਪੂਰਨਾ ਦੇ ਬੇਸ ਕੈਂਪ ‘ਚ ਆਰਾਮ ਕਰ ਰਹੀ ਹੈ। ਹਿਮਾਚਲ ਦੀ 27 ਸਾਲਾ ਪਰਬਤਾਰੋਹੀ ਬਿਨਾਂ ਆਕਸੀਜਨ ਤੋਂ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਹੈ। ਉਹ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚਾਰ 8,000 ਮੀਟਰ ਦੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਹੈ।