ਨਵੀਂ ਦਿੱਲੀ, 3 ਨਵੰਬਰ
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੀਤੇ ਦਿਨ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਟੀ-20 ਮੈਚ ’ਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। 30 ਸਾਲਾ ਰੋਹਿਤ ਨੇ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ’ਚ ਨਿਊਜ਼ੀਲੈਂਡ ਖ਼ਿਲਾਫ਼ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਇਹ ਪ੍ਰਾਪਤੀ ਕੀਤੀ ਹੈ।
ਰੋਹਿਤ ਦਾ ਨਿਊਜ਼ੀਲੈਂਡ ਖ਼ਿਲਾਫ਼ ਇਹ ਪਹਿਲਾ ਤੇ ਕੁੱਲ 12ਵਾਂ ਅਰਧ ਸੈਂਕੜਾ ਸੀ। ਭਾਰਤ ਨੇ ਇਸ ਮੁਕਾਬਲੇ ’ਚ 53 ਦੌੜਾਂ ਨਾਲ ਜਿੱਤ ਦਰਜ ਕਰਕੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਟੀ-20 ਜਿੱਤ ਦਰਜ ਕੀਤੀ। ਰੋਹਿਤ ਨੇ ਭਾਰਤ ਲਈ 41 ਟੀ-20 ਜੇਤੂ ਮੈਚਾਂ ’ਚ 37.40 ਦੀ ਔਸਤ ਨਾਲ 1010 ਦੌੜਾਂ ਪੂਰੀਆਂ ਕੀਤੀਆਂ ਹਨ, ਜਿਨ੍ਹਾਂ ’ਚ 10 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ ਸ਼ਰਮਾ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਇਹ ਪ੍ਰਾਪਤੀ ਕਰਨ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਵਿਰਾਟ ਨੇ ਭਾਰਤ ਲਈ 34 ਟੀ-20 ਮੈਚਾਂ ਦੀ ਜਿੱਤ ’ਚ 13 ਅਰਧ ਸੈਂਕੜਿਆਂ ਦੀ ਬਦੌਲਤ 69.57 ਦੀ ਔਸਤ ਨਾਲ 1322 ਦੌੜਾਂ ਬਣਾਈਆਂ ਹਨ। ਭਾਰਤ ਲਈ ਹੁਣ ਤੱਕ ਕੁੱਲ 66 ਟੀ-20 ਮੈਚ ਖੇਡਣ ਵਾਲੇ ਰੋਹਿਤ ਨੇ 31.31 ਦੀ ਔਸਤ ਨਾਲ 1472 ਦੌੜਾਂ ਬਣਾਈਆਂ ਹਨ। ਇਸ ’ਚ 12 ਅਰਧ ਸੈਂਕੜੇ ਤੇ ਇੱਕ ਸੈਂਕੜਾ ਸ਼ਾਮਲ ਹੈ। ਟੀ-20 ’ਚ ਉਸ ਦਾ ਸਭ ਤੋਂ ਵੱਡਾ ਸਕੋਰ 106 ਦੌੜਾਂ ਦਾ ਹੈ।