ਐਡੀਲੇਡ, 18 ਦਸੰਬਰ
ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਬਣਾਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਸੰਭਲ ਕੇ ਖੇਡਿਆ ਪਰ ਉਸ ਦੇ ਰਨ ਆਊਟ ਹੋਣ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਤੇ ਆਸਟਰੇਲਿਆਈ ਟੀਮ ਨੇ ਭਾਰਤ ’ਤੇ ਆਖਰੀ ਸਮੇਂ ਤਕ ਦਬਾਅ ਬਣਾਈ ਰੱਖਿਆ। ਕੋਹਲੀ ਨੇ 74 ਦੌੜਾਂ ਬਣਾਈਆਂ ਤੇ ਉਹ ਟੈਸਟ ਮੈਚਾਂ ਵਿਚ ਦੂਜੀ ਵਾਰ ਰਨ ਆਊਟ ਹੋਇਆ। ਭਾਰਤੀ ਟੀਮ ਦਾ ਇਕ ਵੇਲੇ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ ’ਤੇ 188 ਦੌੜਾਂ ਸੀ ਜੋ ਜਲਦੀ ਵਿਕਟਾਂ ਡਿੱਗਣ ਕਾਰਨ ਛੇ ਵਿਕਟਾਂ ’ਤੇ 206 ਦੌੜਾਂ ਹੋ ਗਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ’ਤੇ ਰਵੀਚੰਦਰਨ ਅਸ਼ਵਿਨ 15 ਤੇ ਰਿਧੀਮਾਨ ਸਾਹਾ 9 ਦੌੜਾਂ ਬਣਾ ਕੇ ਖੇਡ ਰਹੇ ਸਨ। ਚੇਤੇਸ਼ਵਰ ਪੁਜਾਰਾ ਨੇ 160 ਗੇਂਦਾਂ ਵਿਚ 43 ਦੌੜਾਂ ਬਣਾਈਆਂ ਤੇ ਰਹਾਣੇ ਨੇ 91 ਗੇਂਦਾਂ ਵਿਚ 42 ਦੌੜਾਂ ਦੀ ਪਾਰੀ ਖੇਡੀ। ਸਵੇਰ ਵੇਲੇ ਭਾਰਤੀ ਸ਼ੁਰੂਆਤ ਖਰਾਬ ਰਹੀ ਤੇ ਦੋ ਵਿਕਟਾਂ 41 ਦੌੜਾਂ ’ਤੇ ਡਿੱਗ ਗਈਆਂ। ਪ੍ਰਿਥਵੀ ਸ਼ਾਅ ਮੈਚ ਦੀ ਦੂਜੀ ਗੇਂਦ ’ਤੇ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ।