ਆਰਹਸ (ਡੈੱਨਮਾਰਕ):ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਾਹਿਤੀ ਨੂੰ 5-0 ਨਾਲ ਕਰਾਰੀ ਹਾਰ ਦੇ ਕੇ 2010 ਮਗਰੋਂ ਪਹਿਲੀ ਵਾਰ ਥੌਮਸ ਕੱਪ ਦੇ ਕੁਆਰਟਰਜ਼ ਵਿੱਚ ਥਾਂ ਬਣਾਈ ਹੈ। ਭਾਰਤ ਨੇ ਦੂਜੇ ਮੁਕਾਬਲੇ ਵਿੱਚ 5-0 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਦੀ ਗਰੁੱਪ ‘ਸੀ’ ਵਿੱਚ ਪਹਿਲੇ ਦੋ ਵਿੱਚ ਥਾਂ ਪੱਕੀ ਹੋ ਗਈ ਹੈ। ਉਸ ਦਾ ਅਗਲਾ ਮੁਕਾਬਲਾ ਚੀਨ ਨਾਲ ਹੈ। ਬੀ ਸਾਈ ਪ੍ਰਣੀਤ ਨੇ ਸ਼ੁਰੂਆਤੀ ਸਿੰਗਲਜ਼ ਵਿੱਚ ਲੂਈਸ ਬਿਊਬੋਈਸ ਨੂੰ ਸਿਰਫ਼ 23 ਮਿੰਟ ਵਿੱਚ 21-5, 21-6 ਨਾਲ ਹਰਾਇਆ। ਫਿਰ ਸਮੀਰ ਵਰਮਾ ਨੇ ਰੈਮੀ ਰੌਸੀ ਨੂੰ 21-12, 21-12 ਨਾਲ ਸ਼ਿਕਸਤ ਦੇ ਕੇ 2-0 ਦੀ ਲੀਡ ਬਣਾਈ। ਕਿਰਨ ਜੌਰਜ ਨੇ ਤੀਜੇ ਪੁਰਸ਼ ਸਿੰਗਲਜ਼ ਵਿੱਚ ਇਲੀਆਸ ਮੌਬਲਾਂਕ ਨੂੰ ਸਿਰਫ਼ 15 ਮਿੰਟ ਵਿੱਚ 21-4 21-2 ਨਾਲ ਸ਼ਿਕਸਤ ਦਿੱਤੀ। ਡਬਲਜ਼ ਮੁਕਾਬਲੇ ਵਿੱਚ ਕ੍ਰਿਸ਼ਨ ਪ੍ਰਸਾਦ ਅਤੇ ਵਿਸ਼ਣੂ ਵਰਧਨ ਦੀ ਜੋੜੀ ਨੇ 21 ਮਿੰਟ ਵਿੱਚ 21-8, 21-7 ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਆਖ਼ਰੀ ਮੈਚ ਵਿੱਚ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਨੇ ਮੌਬਲਾਂਕ ਅਤੇ ਹੀਵਾ ਯਵੋਨੇਟ ਨੂੰ 21-5, 21-3 ਨਾਲ ਮਾਤ ਦਿੱਤੀ।