ਹੈਦਰਾਬਾਦ, 6 ਦਸੰਬਰ
ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਲੜੀ ਦਾ ਪਹਿਲਾ ਮੈਚ ਇੱਥੇ ਸ਼ੁੱਕਰਵਾਰ ਨੂੰ ਖੇਡੇਗੀ, ਜਿਸ ਵਿੱਚ ਮੇਜ਼ਬਾਨ ਟੀਮ ਆਸਟਰੇਲੀਆ ਵਿੱਚ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਖਿਡਾਰੀਆਂ ਨੂੰ ਪਰਖਣਾ ਜਾਰੀ ਰੱਖੇਗੀ। ਇਸ ਦੌਰਾਨ ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਵੀ ਟੀਮ ਵਿੱਚ ਆਪਣੀ ਥਾਂ ਬਣਾਉਣ ਦਾ ਟੀਚਾ ਲੈ ਕੇ ਚੱਲਣਗੇ।
ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਵਿੱਚ ਰੁਝੀ ਭਾਰਤੀ ਟੀਮ ’ਚ ਕਈ ਖਿਡਾਰੀਆਂ ਦੇ ਥਾਂ ਬਣਾਉਣ ਸਬੰਧੀ ਬੇਯਕੀਨੀ ਬਣੀ ਹੋਈ ਹੈ। ਉਹ ਵੈਸਟ ਇੰਡੀਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਪ੍ਰਬੰਧਕਾਂ ਅਤੇ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਨਗੇ। ਇਨ੍ਹਾਂ ਵਿੱਚੋਂ ਇੱਕ ਨਾਮ ਰਾਹੁਲ ਦਾ ਹੈ। ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਉਸ ਕੋਲ ਰੋਹਿਤ ਸ਼ਰਮਾ ਨਾਲ ਜੋੜੀ ਬਣਾਉਣ ਦਾ ਚੰਗਾ ਮੌਕਾ ਹੈ। ਉਸ ਦਾ ਟੀ-20 ਵਿੱਚ ਰਿਕਾਰਡ ਵਧੀਆ ਰਿਹਾ ਹੈ। ਉਸ ਨੇ 31 ਟੀ-20 ਕੌਮਾਂਤਰੀ ਮੈਚਾਂ ਵਿੱਚ 42.74 ਦੀ ਔਸਤ ਨਾਲ 974 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਉਸ ਦਾ ਸਰਵੋਤਮ ਸਕੋਰ 110 ਦੌੜਾਂ ਰਿਹਾ ਹੈ। ਆਈਪੀਐੱਲ ਵਿੱਚ ਵੀ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਰਾਹੁਲ ਤੋਂ ਇਲਾਵਾ ਪੰਤ ਵੀ ਆਪਣੇ ਮਜ਼ਬੂਤ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ। ਪੰਤ ਪਿਛਲੇ ਸਮੇਂ ਤੋਂ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਵਿੱਚ ਖ਼ਰਾਬ ਲੈਅ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜਾਨਸ਼ੀਨ ਵਜੋਂ ਵੇਖਿਆ ਜਾ ਰਿਹਾ ਹੈ, ਪਰ ਇਸ ਸਾਲ ਦੇ ਸ਼ੁਰੂ ਵਿੱਚ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਖ਼ਤਮ ਹੋਣ ਮਗਰੋਂ ਉਸ ਦੀ ਲੈਅ ਵਿੱਚ ਗਿਰਾਵਟ ਆਈ ਹੈ। ਪੰਤ ਕਈ ਵਾਰ ਮਿਲੇ ਮੌਕਿਆਂ ਦਾ ਲਾਹਾ ਨਹੀਂ ਲੈ ਸਕਿਆ। ਇਸੇ ਕਾਰਨ ਖੱਬੇ ਹੱਥ ਦੇ ਇਸ ਖਿਡਾਰੀ ਨੂੰ ਟੈਸਟ ਲੜੀ ’ਚੋਂ ਬਾਹਰ ਕਰ ਦਿੱਤਾ ਗਿਆ ਅਤੇ ਰਿਧੀਮਾਨ ਸਾਹਾ ਨੇ ਮੁੜ ਆਪਣਾ ਸਥਾਨ ਹਾਸਲ ਕਰ ਲਿਆ। ਚੋਣਕਾਰਾਂ ਨੇ ਹੁਨਰਮੰਦਰ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਅਤੇ ਧੋਨੀ ਦੀ ਵਾਪਸੀ ਦੀਆਂ ਗੱਲਾਂ ਹੋਣ ਲੱਗੀਆਂ। ਇਸ ਤਰ੍ਹਾਂ ਹੁਣ ਪੰਤ ਲਈ ਇਹ ਮੌਕਾ ਹੈ ਕਿ ਉਹ ਪ੍ਰਦਰਸ਼ਨ ਕਰੇ ਅਤੇ ਆਪਣੀ ਥਾਂ ਪੱਕੀ ਕਰੇ ਜਾਂ ਫਿਰ ਗੁਆ ਲਵੇ। ਸੈਮਸਨ ਲਈ ਇਹ ਲੜੀ ਅਹਿਮ ਹੋਵੇਗੀ। ਉਸ ਨੂੰ ਬੰਗਲਾਦੇਸ਼ ਖ਼ਿਲਾਫ਼ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਕੇਰਲ ਦੇ ਇਸ ਵਿਕਟਕੀਪਰ ਬੱਲੇਬਾਜ਼ ਨੂੰ ਲੜੀ ਦੌਰਾਨ ਇੱਕ ਵੀ ਮੌਕਾ ਨਹੀਂ ਮਿਲਿਆ। ਉਸ ਨੂੰ ਧਵਨ ਦੀ ਥਾਂ ਟੀਮ ਵਿੱਚ ਚੁਣਿਆ ਗਿਆ, ਜੋ ਦਿੱਲੀ ਵੱਲੋਂ ਸਈਦ ਮੁਸ਼ਤਾਕ ਅਲੀ ਕੌਮੀ ਟੀ-20 ਚੈਂਪੀਅਨਸ਼ਿਪ ਵਿੱਚ ਖੇਡਦਿਆਂ ਜ਼ਖ਼ਮੀ ਹੋ ਗਿਆ ਸੀ। ਪੰਤ ਟੀਮ ਪ੍ਰਬੰਧ ਦੀ ਪਹਿਲੀ ਪਸੰਦ ਹੋਵੇਗਾ, ਪਰ ਇਹ ਵੇਖਣਾ ਹੋਵੇਗਾ ਕਿ ਉਸ ਦੇ ਟੀਮ ਵਿੱਚ ਥਾਂ ਨਾ ਬਣਾਉਣ ਦੀ ਸੂਰਤ ਵਿੱਚ ਸੈਮਸਨ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ। ਭਾਰਤ ਲਈ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਵਿਰਾਟ ਕੋਹਲੀ ਬੰਗਲਾਦੇਸ਼ ਖ਼ਿਲਾਫ਼ ਟੀ-20 ਲੜੀ ਤੋਂ ਆਰਾਮ ਲੈਣ ਮਗਰੋਂ ਮੁੜ ਟੀਮ ਦੀ ਕਮਾਨ ਮੁੜ ਸੰਭਾਲਣ ਲਈ ਵਾਪਸੀ ਕਰੇਗਾ।
ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਭੁਵਨੇਸ਼ਵਰ ਕੁਮਾਰ ਟੀ-20 ਟੀਮ ਵਿੱਚ ਵਾਪਸੀ ਕਰ ਰਹੇ ਹਨ। ਕੁਲਦੀਪ ਅਤੇ ਚਾਹਲ ਦੀ ਜੋੜੀ ਦੀ ਲੰਮੇ ਸਮੇਂ ਮਗਰੋਂ ਵਾਪਸੀ ਹੋਵੇਗੀ। ਕੁਲਦੀਪ ਆਖ਼ਰੀ ਵਾਰ ਫਰਵਰੀ 2019 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਸ਼ਮੀ ਇਸ ਤੋਂ ਪਹਿਲਾਂ ਟੀ-20 ਕੌਮਾਂਤਰੀ ਮੈਚ ਸਾਲ 2017 ਵਿੱਚ ਖੇਡਿਆ ਸੀ। ਦੀਪਕ ਚਾਹਰ ਦੇ ਵੀ ਸ਼ਮੀ ਅਤੇ ਭੁਵਨੇਸ਼ਵਰ ਨਾਲ ਤੇਜ਼ ਗੇਂਦਬਾਜ਼ੀ ਹਮਲਾਵਰ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। ਦੂਜੇ ਪਾਸੇ, ਵੈਸਟ ਇੰਡੀਜ਼ ਦੀ ਟੀਮ ਅਗਸਤ ਵਿੱਚ ਆਪਣੀ ਧਰਤੀ ’ਤੇ ਭਾਰਤ ਤੋਂ 0-3 ਨਾਲ ਹਾਰ ਦਾ ਬਦਲਾ ਲੈਣ ਲਈ ਉਤਰੇਗੀ। ਵੈਸਟ ਇੰਡੀਜ਼ ਨੂੰ ਬਹੁਤ ਚੰਗੀ ਟੀ-20 ਟੀਮ ਮੰਨਿਆ ਜਾਂਦਾ ਹੈ। ਉਸ ਲਈ ਖ਼ਾਸ ਗੱਲ ਇਹ ਰਹੇਗੀ ਕਿ ਉਸ ਨੇ ਲਖਨਊ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਪੂਰੀ ਲੜੀ ਖੇਡ ਕੇ ਖ਼ੁਦ ਨੂੰ ਹਾਲਾਤ ਦੇ ਅਨੁਸਾਰ ਢਾਲ ਲਿਆ ਹੈ। ਕੀਰੋਨ ਪੋਲਾਰਡ ਕਪਤਾਨੀ ਦੀ ਜ਼ਿੰਮੇਵਾਰੀ ਨਿਭਾਵੇਗਾ, ਜਦਕਿ ਨਿਕੋਲਸ ਪੂਰਨ ਗੇਂਦ ਨਾਲ ਛੇੜਛਾੜ ਕਾਰਨ ਲੱਗੀਆਂ ਚਾਰ ਮੈਚਾਂ ਦੀ ਪਾਬੰਦੀਆਂ ਕਾਰਨ ਪਹਿਲਾ ਟੀ-20 ਮੈਚ ਨਹੀਂ ਖੇਡ ਸਕੇਗਾ।