ਨਵੀਂ ਦਿੱਲੀ, 15 ਅਗਸਤ
ਭਾਰਤ ਤੇ ਚੀਨ ਨੇ ਅੱਜ ਫੌਜੀ ਪੱਧਰ ਦੀ ਸੱਜਰੇ ਗੇੜ ਦੀ ਗੱਲਬਾਤ ਕੀਤੀ। ਅਸਲ ਕੰਟਰੋਲ ਰੇਖਾ ਦੇ ਨਾਲ ਚੁਸ਼ੂਲ-ਮੋਲਡੋ ਸਰਹੱਦੀ ਚੌਕੀ ’ਤੇ ਭਾਰਤ ਵਾਲੇ ਪਾਸੇ ਹੋਈ ਕੋਰ ਕਮਾਂਡਰ ਪੱਧਰ ਦੀ 19ਵੇਂ ਗੇੜ ਦੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਸਰਹੱਦ ਦੇ ਨਾਲ ਟਕਰਾਅ ਵਾਲੇ ਬਕਾਇਆ ਖੇਤਰਾਂ ਵਿਚੋਂ ਫੌਜਾਂ ਦੀ ਵਾਪਸੀ ਤੇ ਤਲਖੀ ਖ਼ਤਮ ਕਰਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਕੁਝ ਖੇਤਰਾਂ ਨੂੰ ਲੈ ਕੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਬਣਿਆ ਜਮੂਦ ਬਰਕਰਾਰ ਹੈ। ਹਾਲਾਂਕਿ ਇਸ ਦੌਰਾਨ ਕੂਟਨੀਤਕ ਤੇ ਫੌਜੀ ਪੱਧਰ ਦੇ ਵਿਆਪਕ ਸੰਵਾਦ ਜ਼ਰੀਏ ਦੋਵਾਂ ਧਿਰਾਂ ਨੇ ਕਈ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਦੇ ਅਮਲ ਨੂੰ ਪੂਰਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਸਵੇਰੇ ਕਰੀਬ ਸਾਢੇ ਨੌਂ ਵਜੇ ਸ਼ੁਰੂ ਹੋਈ। ਭਾਰਤੀ ਵਫ਼ਦ ਦੀ ਅਗਵਾਈ ਲੈਫਟੀਨੈਂਟ ਜਨਰਲ ਰਸ਼ਿਮ ਬਾਲੀ ਨੇ ਕੀਤੀ, ਜੋ ਲੇਹ ਅਧਾਰਿਤ 14ਵੀਂ ਕੋਰ ਦੇ ਕਮਾਂਡਰ ਹਨ। ਚੀਨੀ ਟੀਮ ਦੱਖਣੀ ਸ਼ਿਨਜਿਆਂਗ ਫੌਜੀ ਜ਼ਿਲ੍ਹੇ ਦੇ ਕਮਾਂਡਰ ਦੀ ਸਰਪ੍ਰਸਤੀ ਹੇਠ ਸ਼ਾਮਲ ਹੋਈ। ਇਸ ਤੋਂ ਪਹਿਲਾਂ 23 ਅਪਰੈਲ ਨੂੰ ਹੋਈ ਫੌਜੀ ਪੱਧਰ ਦੀ 18ਵੇਂ ਗੇੜ ਦੀ ਗੱਲਬਾਤ ਦੌਰਾਨ ਭਾਰਤ ਨੇ ਦੇਪਸਾਂਗ ਤੇ ਡੈਮਚੋਕ ਨਾਲ ਜੁੜੇ ਤੇ ਲੰਮੇ ਸਮੇਂ ਤੋਂ ਬਕਾਇਆ ਮਸਲਿਆਂ ਨੂੰ ਹੱਲ ਕਰਨ ’ਤੇ ਜ਼ੋਰ ਦਿੱਤਾ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਬਾਲੀ ਵਿੱਚ ਜੀ-20 ਸਿਖਰ ਵਾਰਤਾ ਤੋਂ ਇਕ ਪਾਸੇ ਰਾਤ ਦੀ ਦਾਅਵਤ ਦੌਰਾਨ ਦੁਵੱਲੇ ਰਿਸ਼ਤਿਆਂ ਨੂੰ ਸਥਿਰ ਕਰਨ ਦੀ ਲੋੜ ਬਾਰੇ ਗੱਲਬਾਤ ਕੀਤੀ ਸੀ। ਉਧਰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ 24 ਜੁਲਾਈ ਨੂੰ ਜੌਹੈੱਨਸਬਰਗ ਵਿੱਚ ਪੰਜ ਮੁਲਕੀ ਸਮੂਹ ‘ਬਰਿੱਕਸ’ ਦੀ ਮੀਟਿੰਗ ਤੋਂ ਇਕ ਪਾਸੇ ਸਿਖਰਲੇ ਚੀਨੀ ਡਿਪਲੋਮੈਟ ਵੈਂਗ ਯੀ ਨੂੰ ਮਿਲੇ ਸਨ।