ਕੈਨਬਰਾ, 4 ਦਸੰਬਰ
ਇਥੇ ਭਾਰਤ ਤੇ ਆਸਟਰੇਲੀਆ ਕ੍ਰਿਕਟ ਟੀਮਾਂ ਦਰਮਿਆਨ ਪਹਿਲਾ ਟੀ-20 ਮੈਚ ਭਲਕੇ ਖੇਡਿਆ ਜਾਵੇਗਾ। ਭਾਰਤ ਭਾਵੇਂ ਆਸਟਰੇਲੀਆ ਤੋਂ ਇਕ ਦਿਨਾ ਲੜੀ ਹਾਰ ਚੁੱਕਾ ਹੈ ਪਰ ਆਖਰੀ ਮੈਚ ਵਿਚ ਮਿਲੀ ਜਿੱਤ ਤੋਂ ਟੀਮ ਉਤਸ਼ਾਹ ਵਿਚ ਹੈ। ਭਾਰਤੀ ਟੀਮ ਵਿਚ ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ ਤੇ ਟੀ ਨਟਰਾਜਨ ਨਵੇਂ ਚਿਹਰਿਆਂ ਵਜੋਂ ਸ਼ਾਮਲ ਹੋਣਗੇ। ਯਾਰਕਰ ਗੇਂਦਾਂ ਸੁੱਟਣ ਦਾ ਮਾਹਰ ਟੀ ਨਟਰਾਜਨ ਭਲਕੇ ਆਪਣਾ ਪਹਿਲਾ ਕੌਮਾਂਤਰੀ ਟੀ-20 ਮੈਚ ਖੇਡੇਗਾ। ਇਹ ਵੇਖਣਾ ਹੋਵੇਗਾ ਕਿ ਪਹਿਲੇ ਮੈਚ ਵਿਚ ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨਾਲ ਮੁਹੰਮਦ ਸ਼ਮੀ ਜਾਂ ਦੀਪਕ ਚਾਹਰ ਵਿਚੋਂ ਕੌਣ ਗੇਂਦਬਾਜ਼ੀ ਕਰਦਾ ਹੈ। ਭਾਰਤੀ ਬੱਲੇਬਾਜ਼ਾਂ ਵਿਚੋਂ ਸ਼ਿਖਰ ਧਵਨ ਨਾਲ ਕੇ ਐਲ ਰਾਹੁਲ ਵਲੋਂ ਓਪਨਿੰਗ ਕਰਨ ਦੀ ਸੰਭਾਵਨਾ ਹੈ।
ਆਸਟਰੇਲੀਆ ਵਲੋਂ ਡੇਵਿਡ ਵਾਰਨਰ ਦੇ ਸੱਟ ਕਾਰਨ ਮੈਚਾਂ ਤੋਂ ਬਾਹਰ ਹੋਣ ਕਾਰਨ ਮਾਰਕਸ ਸਟੋਇਨਿਸ ਵਲੋਂ ਐਰੋਨ ਫਿੰਚ ਨਾਲ ਬੱਲੇਬਾਜ਼ੀ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਹੈ। ਪਿਛਲੇ ਇਕ ਦਿਨਾ ਮੈਚ ਵਿਚ ਆਰਾਮ ਕਰਨ ਵਾਲੇ ਮਿਸ਼ੇਲ ਸਟਾਰਕ ਦੀ ਵਾਪਸੀ ਹੋ ਸਕਦੀ ਹੈ। ਆਸਟਰੇਲੀਆ ਨੂੰ ਤੇਜ਼ ਗੇਂਦਬਾਜ਼ੀ ਵਿਚ ਪੈਟ ਕਮਿਨਜ਼ ਦੀ ਘਾਟ ਵੀ ਰੜਕੇਗੀ। ਮੈਚ ਦੁਪਹਿਰ 1.40 ਵਜੇ ਸ਼ੁਰੂ ਹੋਵੇਗਾ।