ਬਠਿੰਡਾ, 6 ਦਸੰਬਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਅੱਜ ਪੰਜਵੇਂ ਦਿਨ ਇੱਥੇ ਦੋ ਮੈਚ ਖੇਡੇ ਗਏ। ਗਰੁੱਪ ‘ਏ’ ਵਿੱਚ ਭਾਰਤ ਨੇ ਆਸਟਰੇਲੀਆ ਅਤੇ ਗਰੁੱਪ ‘ਬੀ’ ਵਿੱਚ ਅਮਰੀਕਾ ਨੇ ਕੀਨੀਆ ਨੂੰ ਹਰਾਇਆ।
ਪਹਿਲੇ ਮੈਚ ਵਿੱਚ ਅਮਰੀਕਾ ਨੇ ਕੀਨੀਆ ਨੂੰ 50-31 ਅੰਕਾਂ ਨਾਲ ਹਰਾਇਆ। ਕੀਨੀਆ ਦੀ ਟੀਮ ਭਾਵੇਂ ਮੈਚ ਹਾਰ ਗਈ, ਪਰ ਇਸ ਟੀਮ ਦੇ ਫੁਰਤੀਲੇ ਖਿਡਾਰੀਆਂ ਨੇ ਦਰਸ਼ਕਾਂ ਦਾ ਦਾ ਮਨ ਮੋਹ ਲਿਆ। ਇਸ ਮੈਚ ਦੌਰਾਨ ਕੀਨੀਆ ਦੇ ਦੋ ਖਿਡਾਰੀ ਕੇਵਿਨ ਜੁੰਮਾ ਅਤੇ ਹੋਲਿਸ ਗੰਭੀਰ ਜ਼ਖ਼ਮੀ ਹੋ ਗਏ। ਪ੍ਰਬੰਧਕਾਂ ਮੁਤਾਬਕ ਕੇਵਿਨ ਜੁਮਾ ਦੀ ਗਰਦਨ ਤੇ ਅੰਦਰੂਨੀ ਤੇ ਡੂੰਘੀ ਸੱਟ ਲੱਗੀ ਹੈ। ਇਹ ਖਿਡਾਰੀ ਇੱਥੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਦੂਜੇ ਮੈਚ ਵਿੱਚ ਭਾਰਤ ਨੇ 48-34 ਅੰਕਾਂ ਨਾਲ ਹਰਾਇਆ। ਮੈਚ ਦੇ ਪਹਿਲੇ ਅੱਧ ਵਿੱਚ ਮੇਜ਼ਬਾਨ ਟੀਮ ਨੇ 30 ਅੰਕ ਅਤੇ ਮਹਿਮਾਨ ਟੀਮ ਨੇ 9 ਅੰਕ ਵੱਟੇ। ਇਸ ਮਗਰੋਂ ਭਾਰਤੀ ਟੀਮ ਨੇ 18 ਅੰਕ ਹੋਰ ਲੈਂਦਿਆਂ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਮੈਚਾਂ ਦੌਰਾਨ ਡਾ. ਸੁਖਦਰਸ਼ਨ ਚਹਿਲ, ਪ੍ਰੋ. ਸੇਵਕ ਸ਼ੇਰਗੜ੍ਹ, ਸੱਤਪਾਲ ਮਾਹੀ ਅਤੇ ਸੁਖਰਾਜ ਰੋਡੇ ਨੇ ਕੁਮੈਂਟਰੀ ਕੀਤੀ। ਲੋਕ ਗਾਇਕ ਬਲਵੀਰ ਚੋਟੀਆਂ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਖੇਡ ਵਿਭਾਗ ਦੇ ਵਧੀਕ ਚੀਫ਼ ਸੈਕਟਰੀ ਸੰਜੇ ਕੁਮਾਰ, ਡਾਇਰੈਕਟਰ ਖੇਡ ਵਿਭਾਗ ਪੰਜਾਬ ਐੱਸਕੇ ਪੋਪਲੀ, ਡਿਪਟੀ ਡਾਇਰੈਕਟਰ ਖੇਡ ਵਿਭਾਗ ਕਰਤਾਰ ਸਿੰਘ, ਡਾਇਰੈਕਟਰ ਟੂਰਨਾਮੈਂਟ ਅਤੇ ਮੀਤ ਪ੍ਰਧਾਨ ਕਬੱਡੀ ਐਸੋਸੀਏਸ਼ਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਵਿਜੈ ਕੁਮਾਰ ਹਾਜ਼ਰ ਸਨ।