ਫ਼ਿਰੋਜ਼ਪੁਰ, ਪਾਕਿਸਤਾਨ ਤੋਂ ਉਡਾਇਆ ਗਿਆ ਡਰੋਨ ਸੋਮਵਾਰ ਰਾਤ ਭਾਰਤ ਦੀ ਸੀਮਾ ਵਿਚ ਦਾਖ਼ਲ ਹੋਣ ਤੋਂ ਬਾਅਦ ਵਾਪਸ ਚਲਾ ਗਿਆ। ਸੂਚਨਾ ਮਿਲਦਿਆਂ ਹੀ ਪੁਲੀਸ ਤੇ ਬੀਐੱਸਐੱਫ ਦੇ ਉਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਪਰ ਤਲਾਸ਼ੀ ਅਭਿਆਨ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ। ਸੋਮਵਾਰ ਰਾਤ ਗਿਆਰਾਂ ਵਜੇ ਦੇ ਕਰੀਬ ਪਾਕਿਸਤਾਨ ਤੋਂ ਉਡਾਇਆ ਗਿਆ ਡਰੋਨ ਹੁਸੈਨੀਵਾਲਾ ਸਰਹੱਦ ਨੇੜੇ ਗੇੜੇ ਕੱਢਦਾ ਨਜ਼ਰ ਆਇਆ। ਸਰਹੱਦ ’ਤੇ ਗਸ਼ਤ ਕਰਦੇ ਬੀਐੱਸਐੱਫ ਦੇ ਜਵਾਨਾਂ ਨੇ ਪੰਜ ਵਾਰ ਇਸ ਡਰੋਨ ਨੂੰ ਸਰਹੱਦ ’ਤੇ ਮੰਡਰਾਉਂਦੇ ਵੇਖਿਆ। ਇੱਕ ਵਾਰ ਇਹ ਡਰੋਨ ਭਾਰਤੀ ਸੀਮਾ ਵਿਚ ਵੀ ਦਾਖ਼ਲ ਹੋਇਆ ਅਤੇ ਮੁੜ ਗਿਆ। ਜਵਾਨਾਂ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਬੀਐੱਸਐੱਫ ਤੇ ਪੁਲੀਸ ਦਾ ਸਾਂਝਾ ਤਲਾਸ਼ੀ ਅਭਿਆਨ ਸਰਹੱਦ ’ਤੇ ਵੱਸਦੇ ਪਿੰਡਾਂ ਵਿਚ ਸਵੇਰ ਦੇ ਚਾਰ ਵਜੇ ਤੱਕ ਚੱਲਦਾ ਰਿਹਾ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਪਹਿਲਾਂ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਡਰੋਨ ਭਾਰਤ ਦੀ ਸੀਮਾ ਅੰਦਰ ਦਾਖ਼ਲ ਹੋਣ ਤੋਂ ਬਾਅਦ ਡਿੱਗਿਆ ਹੈ ਪਰ ਅਜਿਹਾ ਨਹੀਂ ਹੋਇਆ। ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਭੇਜੇ ਗਏ ਹਥਿਆਰਾਂ ਤੋਂ ਬਾਅਦ ਸਥਾਨਕ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਐੱਸਪੀ ਹੈੱਡਕੁਆਰਟਰ ਜੀਐੱਸ ਚੀਮਾ ਨੇ ਦੱਸਿਆ ਕਿ ਡਰੋਨ ਦੀਆਂ ਲਾਈਟਾਂ ਤੇ ਆਵਾਜ਼ ਬੰਦ ਹੋ ਜਾਣ ਕਾਰਨ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦਿਨ ਵੇਲੇ ਵੀ ਸਰਹੱਦ ਨਾਲ ਲੱਗਦੇ ਕਰੀਬ ਅੱਧੀ ਦਰਜਨ ਪਿੰਡਾਂ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਕੁਝ ਬਰਾਮਦ ਨਹੀਂ ਹੋਇਆ।