ਨਵੀਂ ਦਿੱਲੀ, 25 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਅਣਸੁਲਝੇ ਮੁੱਦਿਆਂ ਬਾਰੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਤੇ ਭਾਰਤ-ਚੀਨ ਸਬੰਧਾਂ ’ਚ ਸੁਧਾਰ ਲਈ ਕੰਟਰੋਲ ਰੇਖਾ ਦੇ ਸਨਮਾਨ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਭਾਰਤ-ਚੀਨ ਦਰਮਿਆਨ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਅਤੇ ਪੂਰਬੀ ਲੱਦਾਖ ਦਾ ਮੁੱਦਾ ਸੁਲਝਾਉਣ ’ਤੇ ਵੀ ਸਹਿਮਤੀ ਜ਼ਾਹਿਰ ਕੀਤੀ। ਜੋਹੈੱਨਸਬਰਗ ’ਚ ਬਰਿਕਸ ਸੰਮੇਲਨ ਦੌਰਾਨ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਹੋਈ। ਬਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਮੋਦੀ ਅਤੇ ਸ਼ੀ ਵਿਚਕਾਰ ਦੁਵੱਲੀ ਮੀਟਿੰਗ ਹੋ ਸਕਦੀ ਹੈ। ਪਿਛਲੇ ਸਾਲ ਨਵੰਬਰ ’ਚ ਬਾਲੀ ’ਚ ਜੀ-20 ਸਿਖਰ ਸੰਮੇਲਨ ਦੌਰਾਨ ਰਾਤ ਦੇ ਭੋਜਨ ਸਮੇਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਵਿਚਕਾਰ ਸੰਖੇਪ ਮੁਲਾਕਾਤ ਹੋਈ ਸੀ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ ਸਿਖਰ ਸੰਮੇਲਨ ਤੋਂ ਅੱਡ ਦੋਵੇਂ ਆਗੂਆਂ ਵਿਚਾਲੇ ਮੀਟਿੰਗ ਦੌਰਾਨ ਪੂਰਬੀ ਲੱਦਾਖ ਦਾ ਮੁੱਦਾ ਵੀ ਉਭਰਿਆ। ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਚੀਨ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਅਸਲ ਕੰਟਰੋਲ ਰੇਖਾ ਦੇ ਸਨਮਾਨ ’ਤੇ ਜ਼ੋਰ ਦਿੱਤਾ। ਵਿਦੇਸ਼ ਸਕੱਤਰ ਨੇ ਕਿਹਾ ਕਿ ਦੋਵੇਂ ਆਗੂ ਆਪਣੇ ਸਬੰਧਤ ਅਧਿਕਾਰੀਆਂ ਨੂੰ ਸਰਹੱਦ ਤੋਂ ਫ਼ੌਜ ਪਿੱਛੇ ਹਟਾਉਣ ਅਤੇਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਕਰਨ ਲਈ ਨਿਰਦੇਸ਼ ਦੇਣ ਵਾਸਤੇ ਸਹਿਮਤ ਹੋਏ। ਮਈ, 2020 ਵਿੱਚ ਪੂਰਬੀ ਲੱਦਾਖ ਦੀ ਸਰਹੱਦ ’ਤੇ ਤਣਾਅ ਮਗਰੋਂ ਭਾਰਤ ਅਤੇ ਚੀਨ ਵਿਚਕਾਰ ਰਿਸ਼ਤੇ ਵਿਗੜ ਗਏ ਸਨ। ਭਾਰਤ ਅਤੇ ਚੀਨ ਵਿਚਾਲੇ 13 ਅਤੇ 14 ਅਗਸਤ ਨੂੰ ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਡੈਮਚੋਕ ਇਲਾਕਿਆਂ ’ਚ ਬਕਾਇਆ ਮੁੱਦਿਆਂ ਨੂੰ ਸੁਲਝਾਉਣ ’ਤੇ ਧਿਆਨ ਕੇਂਦਰਿਤ ਕਰਦਿਆਂ ਕੋਰ ਕਮਾਂਡਰ ਪੱਧਰ ਦੀ 19ਵੇਂ ਗੇੜ ਦੀ ਗੱਲਬਾਤ ਹੋਈ ਸੀ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਰਿਕਸ ਆਗੂਆਂ ਦੀ ਮੀਡੀਆ ਨਾਲ ਗੱਲਬਾਤ ਤੋਂ ਪਹਿਲਾਂ ਸੰਖੇਪ ਗੱਲਬਾਤ ਕਰਦੇ ਨਜ਼ਰ ਆਏ। ਮੋਦੀ ਦੱਖਣੀ ਅਫ਼ਰੀਕੀ ਸ਼ਹਿਰ ’ਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਯੂਨਾਨ ਲਈ ਰਵਾਨਾ ਹੋ ਗਏ। ਕਵਾਤਰਾ ਨੇ ਕਿਹਾ ਕਿ ਮੋਦੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਈਰਿਲ ਰਾਮਫੋਸਾ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜਸ ਇਨਾਸ਼ੀਓ ਲੂਲਾ ਡਾ ਸਿਲਵਾ, ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਦੁਵੱਲੀ ਗੱਲਬਾਤ ਕੀਤੀ।