ਨਵੀਂ ਦਿੱਲੀ, 12 ਮਾਰਚ
ਭਾਰਤ ਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਸੋਮਵਾਰ ਨੂੰ ਹੋਈ ਗੱਲਬਾਤ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਬਕਾਇਆ ਮੁੱਦਿਆਂ ਨੂੰ ਸੁਲਝਾਉਣ ਵਿੱਚ ਨਾਕਾਮ ਰਹੀ ਹੈ। ਉਂਜ ਦੋਵਾਂ ਧਿਰਾਂ ਨੇ ਫੌਜੀ ਤੇ ਕੂਟਨੀਤਕ ਚੈਨਲਾਂ ਜ਼ਰੀਏ ਗੱਲਬਾਤ ਦਾ ਅਮਲ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਹੈ। ਅਪਰੈਲ 2020 ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਫੌਜੀ ਟਕਰਾਅ ਬਣਿਆ ਹੋਇਆ ਹੈ। ਸੋਮਵਾਰ ਰਾਤ ਨੂੰ ਖ਼ਤਮ ਹੋਈ ਮੀਟਿੰਗ 15ਵੇਂ ਗੇੜ ਦੀ ਗੱਲਬਾਤ ਸੀ। ਪੂਰਬੀ ਲੱਦਾਖ ਵਿੱਚ ਐੱਲਏਸੀ ਦੇ ਨਾਲ ਚੁਸ਼ੁਲ-ਮੋਲਡੋ ਮੀਟਿੰਗ ਪੁਆਇੰਟ ’ਤੇ ਭਾਰਤ ਵਾਲੇ ਪਾਸੇ ਹੋਈ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਪੈਟਰੋਲਿੰਗ ਪੁਆਇੰਟ ਪੀਪੀ-15, ਜਿਸ ਨੂੰ ਹੌਟ ਸਪਰਿੰਗਜ਼ ਵੀ ਕਹਿੰਦੇ ਹਨ, ਤੋਂ ਫੌਜਾਂ ਨੂੰ ਪਿੱਛੇ ਹਟਾਉਣ ਬਾਰੇ ਵਿਚਾਰਾਂ ਕੀਤੀਆਂ।