ਸਾਊਥੈਂਪਟਨ, 4 ਜੂਨ
ਦੱਖਣੀ ਅਫਰੀਕਾ ਦੇ ਨੌਜਵਾਨ ਤੇਜ਼ ਗੇਂਦਬਾਜ਼ ਲੁੰਗੀ ਨਗਿੜੀ ਭਾਰਤ ਖ਼ਿਲਾਫ਼ ਬੁੱਧਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿੱਚ ਨਹੀਂ ਖੇਡ ਸਕੇਗਾ। ਨਗਿੜੀ ਬੰਗਲਾਦੇਸ਼ ਖ਼ਿਲਾਫ਼ ਪਿਛਲੇ ਮੈਚ ਵਿੱਚ ਜ਼ਖ਼ਮੀ ਹੋ ਗਿਆ ਸੀ। ਉਹ ਚਾਰ ਓਵਰਾਂ ਮਗਰੋਂ ਮੈਦਾਨ ਤੋਂ ਬਾਹਰ ਆ ਗਿਆ ਸੀ। ਟੀਮ ਡਾਕਟਰ ਮੁਹੰਮਦ ਮੂਸਾਜੀ ਨੇ ਕਿਹਾ, ‘‘ਨਗਿੜੀ ਸੱਟ ਕਾਰਨ ਇੱਕ ਹਫ਼ਤੇ ਤੋਂ ਦਸ ਦਿਨ ਤੱਕ ਨਹੀਂ ਖੇਡ ਸਕੇਗਾ। ਕੱਲ੍ਹ ਉਸ ਦਾ ਸਕੈਨ ਕਰਵਾਇਆ ਜਾਵੇਗਾ ਅਤੇ ਉਮੀਦ ਹੈ ਕਿ ਉਹ ਵੈਸਟ ਇੰਡੀਜ਼ ਖ਼ਿਲਾਫ਼ ਮੈਚ ਤੱਕ ਫਿੱਟ ਹੋ ਜਾਵੇ।’’
ਨਗਿੜੀ ਸੱਟ ਕਾਰਨ ਆਈਪੀਐਲ ਵੀ ਨਹੀਂ ਖੇਡ ਸਕਿਆ ਸੀ। ਜੇ ਡੇਲ ਸਟੇਨ ਠੀਕ ਹੋਇਆ ਤਾਂ ਉਸ ਨੂੰ ਨਗਿੜੀ ਦੀ ਥਾਂ ਟੀਮ ਵਿੱਚ ਰੱਖਿਆ ਜਾ ਸਕਦਾ ਹੈ। ਸਟੇਨ ਨੇ ਨੈੱਟ ’ਤੇ ਕੁੱਝ ਓਵਰ ਸੁੱਟੇ, ਪਰ ਅਜੇ ਉਸ ਦੇ ਭਾਰਤ ਖ਼ਿਲਾਫ਼ ਖੇਡਣ ਸਬੰਧੀ ਸਥਿਤੀ ਸਪਸ਼ਟ ਨਹੀਂ ਹੋ ਸਕੀ। ਸਟੇਨ ਦੇ ਨਾ ਖੇਡਣ ’ਤੇ ਹਰਫ਼ਨਮੌਲਾ ਕ੍ਰਿਸ ਮੌਰਿਸ ਨੂੰ ਥਾਂ ਮਿਲ ਸਕਦੀ ਹੈ। ਇਸੇ ਤਰ੍ਹਾਂ ਸੀਨੀਅਰ ਬੱਲੇਬਾਜ਼ ਹਾਸ਼ਿਮ ਅਮਲਾ ਹੁਣ ਪਹਿਲਾਂ ਨਾਲੋਂ ਬਿਹਤਰ ਹੈ, ਜਿਸ ਨੂੰ ਇੰਗਲੈਂਡ ਖ਼ਿਲਾਫ਼ ਮੈਚ ਦੌਰਾਨ ਜੌਫਰਾ ਆਰਚਰ ਦੀ ਗੇਂਦ ਹੈਲਮੇਟ ’ਤੇ ਲੱਗੀ ਸੀ।