ਦੁਬਈ, 27 ਦਸੰਬਰ

ਭਾਰਤ ਟੀਮ ਅੰਡਰ-19 ਏਸ਼ੀਆ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। ਰਾਜ ਬਾਵਾ ਤੇ ਕੌਸ਼ਲ ਤਾਂਬੇ ਵੱਲੋਂ ਸੱਤਵੇਂ ਵਿਕਟ ਲਈ ਕੀਤੀ 65 ਦੌੜਾਂ ਦੀ ਨਾਬਾਦ ਭਾਈਵਾਲੀ ਦੀ ਬਦੌਲਤ ਭਾਰਤ ਅੱਜ ਇੱਥੇ ਅਫ਼ਗ਼ਾਨਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਕਦਮ ਰੱਖਿਆ। ਅਫ਼ਗ਼ਾਨਿਸਤਾਨ ਵੱਲੋਂ ਜਿੱਤ ਲਈ ਦਿੱਤੇ 260 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਕ ਸਮੇਂ ਭਾਰਤ 197/6 ਦੇ ਸਕੋਰ ਨਾਲ ਮੁਸ਼ਕਲ ’ਚ ਘਿਰਿਆ ਨਜ਼ਰ ਆ ਰਿਹਾ ਸੀ, ਪਰ ਫਿਰ ਬਾਵਾ (43 ਨਾਬਾਦ) ਤੇ ਤਾਂਬੇ (35 ਨਾਬਾਦ) ਦੀ ਭਾਈਵਾਲੀ ਸਦਕਾ ਭਾਰਤ ਨੇ ਜੇਤੂ ਟੀਚੇ ਨੂੰ ਦਸ ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਹਰਨੂਰ ਪੰਨੂ (65) ਤੇ ਅੰਗਰੀਸ਼ ਰਘੂਵੰਸ਼ੀ (35) ਨੇ ਪਹਿਲੇ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ। ਅਫ਼ਗਾਨਿਸਤਾਨ ਨੇ ਪਹਿਲਾਂ ਖੇਡਦਿਆ 4 ਵਿਕਟਾਂ ਗੁਆ ਕੇ 259 ਦੌੜਾਂ ਬਣਾਈਆਂ ਸਨ। ਇਸ ਜਿੱਤ ਨਾਲ ਭਾਰਤ ਆਪਣੇ ਗਰੁੱਪ ਵਿੱਚ ਪਾਕਿਸਤਾਨ ਮਗਰੋਂ ਦੂਜੇ ਸਥਾਨ ’ਤੇ ਹੈ। ਪਾਕਿਸਤਾਨ ਨੇ ਹੁਣ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ। ਸੈਮੀ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਤੇ ਸ੍ਰੀ ਲੰਕਾ ਵਿਚਾਲੇ ਖੇਡੇ ਜਾਣ ਮੈਚ ਦੇ ਜੇਤੂ ਨਾਲ ਹੋਵੇਗਾ।