ਦੁਬਈ, 22 ਜਨਵਰੀ
ਆਸਟਰੇਲੀਆ ਵਿੱਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਅਤੇ ਇਸ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇਥੇ ਜਾਰੀ ਆਈਸੀਸੀ ਟੈਸਟ ਰੈਂਕਿੰਗ ਵਿੱਚ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਭਾਰਤ ਦੇ 116 ਅੰਕ ਹਨ ਅਤੇ ਇਹ ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਬਣੀ ਹੋਈ ਹੈ। ਕਪਤਾਨ ਕੋਹਲੀ ਦੇ ਬੱਲੇਬਾਜ਼ਾਂ ਦੀ ਰੈਂਕਿੰਗ ’ਚ 922 ਅੰਕ ਹਨ ਅਤੇ ਉਹ ਦੂਜੇ ਸਥਾਨ ’ਤੇ ਕਾਬਜ਼ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 897 ਤੋਂ 25 ਅੰਕ ਅੱਗੇ ਹੈ। ਆਸਟਰੇਲੀਆ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਤੀਜੇ ਸਥਾਨ ’ਤੇ ਬਣੇ ਹੋਏ ਹਨ ਜਦ ਕਿ ਨੌਜਵਾਨ ਰਿਸ਼ਭ ਪੰਤ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 17ਵੇਂ ਸਥਾਨ ’ਤੇ ਹਨ। ਜਦ ਕਿ ਭਾਰਤੀਆਂ ਵਿੱਚ ਰਵਿੰਦਰ ਜਡੇਜਾ ਅਤੇ ਰਵਿਚੰਦਰਨ ਅਸ਼ਵਿਨ ਕ੍ਰਮਵਾਰ ਪੰਜਵੇਂ ਅਤੇ ਨੌਵੇਂ ਸਥਾਨ ’ਤੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 711 ਅੰਕ ਲੈ ਕੇ 15ਵੇਂ ਸਥਾਨ ’ਤੇ ਪਹੁੰਚ ਗਏ ਹਨ। ਇੰਗਲੈਂਡ ਨੂੰ ਆਪਣਾ ਤੀਜਾ ਸਥਾਨ ਬਰਕਰਾਰ ਰੱਖਣ ਲਈ ਵੈਸਟ ਇੰਡੀਜ਼ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਜਿੱਤਣੀ ਹੋਵੇਗੀ ਜਦ ਕਿ ਆਸਟ੍ਰੇਲੀਆ ਅਤੇ ਸ੍ਰੀਲੰਕਾ ਵਿੱਚ ਲੜੀ ਦਾ ਨਤੀਜਾ ਕੁਝ ਵੀ ਰਹਿਣ ’ਤੇ ਦੋਵੇਂ ਟੀਮਾਂ ਕ੍ਰਮਵਾਰ ਪੰਜਵੇਂ ਅਤੇ ਛੇਵੇਂ ਸਥਾਨ ’ਤੇ ਬਣੀਆਂ ਰਹਿਣਗੀਆਂ। ਆਸਟਰੇਲੀਆ ਨੂੰ ਹਾਲਾਂਕਿ 2-0 ਤੋਂ ਜਿੱਤ ਦਰਜ ਕਰਨ ਲਈ ਤਿੰਨ ਅੰਕ ਮਿਲਣਗੇ ਅਤੇ ਉਸ ਲਈ 104 ਅੰਕ ਹੋ ਜਾਣਗੇ ਜਦ ਕਿ ਸ੍ਰੀਲੰਕਾ ਨੂੰ ਦੋ ਅੰਕ ਦਾ ਨੁਕਸਾਨ ਹੋਵੇਗਾ ਅਤੇ ਉਸ ਦੇ 89 ਅੰਕ ਰਹਿ ਜਾਣਗੇ। ਸ੍ਰੀਲੰਕਾ ਜੇ 2-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਉਸ ਦੇ 95 ਅੰਕ ਹੋ ਜਾਣਗੇ ਅਤੇ ਉਹ ਆਸਟਰੇਲੀਆ ਤੋਂ ਸਿਰਫ਼ ਦੋ ਅੰਕ ਪਿੱਛੇ ਰਹੇਗਾ।